ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ‘ਚ ਘੱਟ ਦਾਖ਼ਲੇ ਹੋਣ ਕਾਰਨ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ

0
134

ਸਿੱਖਿਆ ਵਿਭਾਗ ਨੇ ਸੂਬੇ ’ਚ ਘੱਟ ਦਾਖ਼ਲੇ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।ਨੋਟਿਸ ਜਾਰੀ ਹੋਣ ਪਿੱਛੋਂ ਹੁਣ ਇਨ੍ਹਾਂ ਜ਼ਿਲ੍ਹਿਆਂ ਵਿਚ ਪੜਤਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਘੱਟ ਦਾਖ਼ਲਿਆਂ ਵਾਲੇ ਜ਼ਿਲ੍ਹਾ ਸਕੂਲ ਮੁਖੀਆਂ ਨੂੰ ਹੁਣ ਦਾਖ਼ਲਿਆਂ ਸਬੰਧੀ ਪੂਰੀ ਜਾਣਕਾਰੀ ਜਾਰੀ ਪ੍ਰੋਫ਼ਾਰਮੇ ’ਚ ਭਰ ਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਦਫ਼ਤਰ ਸਕੱਤਰ, ਸਕੂਲ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਪੱਧਰ ’ਤੇ ਦੁਬਾਰਾ ਪ੍ਰਾਪਤ ਹੋਏ ਅੰਕੜਿਆਂ ਤੋਂ ਬਾਅਦ ਸੂਬਾ ਪੱਧਰ ’ਤੇ ਵਧੀ ਐਨਰੋਲਮੈਂਟ ਦਾ ਮਿਲਾਨ ਕਰੇਗਾ।ਆਪਣੇ ਪੱਤਰ ਵਿਚ ਸਿੱਖਿਆ ਵਿਭਾਗ ਦੀ ਸ਼ਾਖਾ 4 ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਹੈ ਕਿ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਦੀ ਧਾਰਾ 10 ਤਹਿਤ ਜਿਹੜੇ ਸਕੂਲ ਮੁੱਖੀਆਂ ਨੂੰ ਘੱਟ ਦਾਖ਼ਲਿਆਂ ਕਾਰਨ ਨੋਟਿਸ ਜਾਰੀ ਹੋਏ ਸਨ ਉਹ ਹਫ਼ਤੇ ਦੇ ਅੰਦਰ ਪ੍ਰੋਫ਼ਾਰਮੇ ’ਚ ਦਰਜ ਦਾਖ਼ਲਿਆਂ ਦੇ ਵੇਰਵੇ ਭੇਜਣਗੇ।

ਜਿਕਰਯੋਗ ਹੈ ਕਿ ਪੰਜਾਬ ਵਿਚ 15 ਜ਼ਿਲ੍ਹਿਆਂ ‘ਚ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਵਿਚ ਦਾਖ਼ਲੇ ਘੱਟ ਹੋਏ ਸਨ ਜਦੋਂਕਿ 12 ਜ਼ਿਲ੍ਹਿਆਂ ਵਿਚ ਸੈਕੰਡਰੀ ਜਮਾਤਾਂ ਦੇ ਦਾਖ਼ਲੇ ਪਿਛਲੇ ਸਾਲਾਂ ਨਾਲੋਂ ਕਾਫ਼ੀ ਘੱਟ ਹੋਏ। ਨਤੀਜਾ ਇਹ ਰਿਹਾ ਕਿ ਸੂਬੇ ‘ਚ 10 ਫ਼ੀਸਦੀ ਵੱਧ ਦਾਖ਼ਲੇ ਕਰਨ ਦਾ ਟੀਚਾ ਪੂਰਾ ਨਾ ਹੋ ਸਕਿਆ,ਜਿਸ ਕਰਕੇ ਬਰਨਾਲਾ,ਮੋਗਾ,ਫਰੀਦਕੋਟ,ਪਟਿਆਲਾ ਗੁਰਦਾਸਪੁਰ, ਸੰਗਰੂਰ ਤੇ ਫ਼ਾਜ਼ਲਿਕਾ ਸਮੇਤ 15 ਜ਼ਿਲ੍ਹਿਆਂ ‘ਚ ਪ੍ਰਾਇਮਰੀ ਜਮਾਤਾਂ ਵਿਚ ਵੱਧ ਦਾਖ਼ਲਿਆਂ ਦਾ ਟੀਚਾ ਪੂਰਾ ਨਹੀਂ ਹੋ ਸਕਿਆ।

ਇਸੇ ਤਰ੍ਹਾਂ ਜਲੰਧਰ, ਐੱਸਬੀਐੱਸ ਨਗਰ, ਪਠਾਨਕੋਟ ਸਮੇਤ 12 ਜ਼ਿਲ੍ਹਿਆਂ ਵਿਚ ਸੈਕੰਡਰੀ ਜਮਾਤਾਂ ’ਚ ਦਾਖ਼ਲੇ ਮਿੱਥੇ ਟੀਚੇ ਤੋਂ ਘੱਟ ਰਹੇ। ਇਨ੍ਹਾਂ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਸਕੱਤਰ ਸਕੂਲ ਸਿੱਖਿਆ ਦਫ਼ਤਰ ਵਲੋਂ ਪੰਜਾਬ ਸਿਵਲ ਸਰਵਿਸਿਜ਼ ਰੂਲਜ਼, 1970 ਦੀ ਧਾਰਾ 5 ਅਤੇ 10 ਤਹਿਤ ਨੋਟਿਸ ਭੇਜ ਕੇ ਇਸ ਦਾ ਕਾਰਨ ਪੁੱਛਿਆ ਗਿਆ।ਵੇਖਣ ਵਾਲੀ ਗੱਲ ਇਹ ਰਹੀ ਕਿ ਦਾਖ਼ਲੇ ਘੱਟ ਹੋਣ ਸਬੰਧੀ ਨੋਟਿਸ ਸਭ ਤੋਂ ਵਧੇਰੇ ਹਾਈਟੈੱਕ ਸ਼ਹਿਰ ਮੋਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਨੂੰ ਵੀ ਹੋਇਆ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲਗਭਗ 12,880 ਪ੍ਰਾਇਮਰੀ, 2,670 ਮਿਡਲ, 1,740 ਹਾਈ ਅਤੇ 1,972 ਸੀਨੀਅਰ ਸੈਕੰਡਰੀ ਸਕੂਲ ਹਨ। ਵਿਦਿਅਕ ਸੈਸ਼ਨ 2022-23 ਵਿੱਚ ਲਗਭਗ 27 ਲੱਖ 95 ਹਜ਼ਾਰ ਸਾਰੀਆਂ ਜਮਾਤਾਂ ਵਿਚ ਦਾਖ਼ਲੇ ਹੋਏ ਸਨ। ਸਿੱਖਿਆ ਵਿਭਾਗ ਨੇ ਪਿਛਲੇ ਅਕਾਦਮਿਕ ਸਾਲ ਤੋਂ ਦਾਖਲੇ ਵਿੱਚ 10 ਫ਼ੀਸਦੀ ਵਾਧੇ ਦਾ ਟੀਚਾ ਰੱਖਿਆ ਸੀ। ਮੌਜੂਦਾ ਅਕਾਦਮਿਕ ਸੈਸ਼ਨ ਲਈ ਦਾਖ਼ਲੇ 1 ਅਪ੍ਰੈਲ ਤੋਂ ਸ਼ੁਰੂ ਹੋਣ ਤੋਂ ਬਾਅਦ, ਸਰਕਾਰੀ ਸਕੂਲਾਂ ਵਿੱਚ 29.22 ਲੱਖ ਵਿਦਿਆਰਥੀ ਦਾਖ਼ਲ ਹੋਏ ਹਨ, ਜੋ ਕਿ 2022-23 ਵਿੱਚ 27.95 ਲੱਖ ਸਨ।

LEAVE A REPLY

Please enter your comment!
Please enter your name here