ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ।ਜਿੱਥੇ ਪੰਜਾਬ ਪ੍ਰਦੇਸ਼ ‘ਚ ਪੰਜਾਬ ਕਾਂਗਰਸ ਵਲੋਂ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ।ਉੱਥੇ ਹੀ ਪੱਛਮੀ ਬੰਗਾਲ ਤੋਂ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਮਮਤਾ ਨੇ ਕਿਹਾ ਹੈ ਕਿ ਕਾਂਗਰਸ ਨੂੰ ਪੱਛਮੀ ਬੰਗਾਲ ‘ਚ ਸੀਟ ਵੰਡ ਨੂੰ ਲੈ ਕੇ ਉਨ੍ਹਾਂ ਕਈ ਪ੍ਰਸਤਾਵ ਭੇਜੇ ਸਨ ਪਰ ਕਾਂਗਰਸ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।ਹੁਣ ਇਸ ਲਈ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਪੱਛਮੀ ਬੰਗਾਲ ਵਿਚ ਉਹ ਇਕੱਲਿਆਂ ਹੀ ਚੋਣ ਲੜਣਗੇ।ਉਨ੍ਹਾਂ ਵਲੋਂ ਇਹ ਵੱਡਾ ਐਲਾਨ ਕੀਤਾ ਗਿਆ।ਜਿਸ ਨਾਲ ਸਿਆਸਤ ‘ਚ ਹਲਚਲ ਪੇਦਾ ਹੋ ਗਈ ਹੈ।
ਦੱਸ ਦਈਏ ਕਿ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨੂੰ ਦੋ ਸੀਟਾਂ ‘ਤੇ ਚੋਣ ਲੜਣ ਲਈ ਕਿਹਾ ਸੀ ਪਰ ਗੱਠਜੋੜ ਇਸ ਨਾਲ ਸਹਿਮਤ ਨਹੀਂ ਹੋਇਆ।ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਇਹੀ ਕਿਹਾ ਹੈ ਕਿ ਅਸੀਂ ਪੱਛਮੀ ਬੰਗਾਲ ਵਿਚ ਇਕੱਲੇ ਲੋਕ ਸਭਾ ਚੋਣ ਲੜਾਂਗੇ।ਮਮਤਾ ਨੇ ਇਹ ਵੀ ਕਿਹਾ ਕਿ ਉਹ ਹੁਣ ਵੀ I.N.D.I.A ਗੱਠਜੋੜ ਦਾ ਹਿੱਸਾ ਹਨ। ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹਾਂ ਅਤੇ ਅਸੀਂ ਇਕੱਲੇ ਹੀ ਬੰਗਾਲ ਵਿੱਚ ਭਾਜਪਾ ਨੂੰ ਹਰਾਵਾਂਗੇ।