ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਦੇ ਐਲਾਨ ਨੂੰ ਲੈ ਕੇ ਬਣਿਆ ਸਸਪੈਂਸ ਅੱਜ ਖ਼ਤਮ ਹੋ ਗਿਆ ਹੈ। ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਖ਼ਾਸ ਖ਼ੁਸ਼ਖਬਰੀ ਦਿੱਤੀ ਹੈ। ਮੰਤਰੀ ਮੰਡਲ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4 ਫ਼ੀਸਦੀ ਦਾ ਵਾਧਾ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 4 ਫ਼ੀਸਦੀ ਦੇ ਵਾਧੇ ਨਾਲ 42 ਫ਼ੀਸਦੀ ਤੋਂ ਵਧ ਕੇ 46 ਫ਼ੀਸਦੀ ਹੋ ਜਾਵੇਗਾ। ਵਧਿਆ ਹੋਇਆ ਡੀਏ 1 ਜੁਲਾਈ ਤੋਂ ਲਾਗੂ ਹੋਵੇਗਾ।
ਦੇਸ਼ ਦੇ ਲਗਭਗ 1 ਲੱਖ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਸ ਦਾ ਫ਼ਾਇਦਾ ਹੋਣ ਵਾਲਾ ਹੈ। ਦੱਸ ਦੇਈਏ ਕਿ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਵਿੱਚ ਸਾਲ ਵਿੱਚ ਦੋ ਵਾਰ ਸੋਧ ਕਰਦੀ ਹੈ।
ਡੀਏ ਵਿੱਚ ਆਖਰੀ ਵਾਧਾ ਮਾਰਚ 2023 ਵਿੱਚ ਹੋਇਆ ਸੀ। ਮੰਤਰੀ ਮੰਡਲ ਨੇ ਕਣਕ ਅਤੇ ਲਾਲ ਮਸੂਰ ਦਾਲ ਸਮੇਤ ਹਾੜੀ ਦੀਆਂ ਛੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 7 ਫ਼ੀਸਦੀ ਤੱਕ ਵਧਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।ਜੇਕਰ ਕੇਂਦਰ ਸਰਕਾਰ ਦੇ ਕਿਸੇ ਕਰਮਚਾਰੀ ਨੂੰ 18,000 ਰੁਪਏ ਬੇਸਿਕ ਤਨਖ਼ਾਹ ਮਿਲਦੀ ਹੈ, ਤਾਂ ਕਰਮਚਾਰੀ ਦਾ ਮਹਿੰਗਾਈ ਭੱਤਾ ਫਿਲਹਾਲ 42 ਫ਼ੀਸਦੀ ਦੀ ਦਰ ਨਾਲ 7,560 ਰੁਪਏ ਹੁੰਦਾ ਹੈ। ਇਸ ‘ਚ 4 ਫ਼ੀਸਦੀ ਦੇ ਵਾਧੇ ਤੋਂ ਬਾਅਦ ਇਹ ਮਹਿੰਗਾਈ ਭੱਤਾ ਹੁਣ 46 ਫ਼ੀਸਦੀ ਹੋ ਜਾਵੇਗਾ ਅਤੇ ਇਹ ਵਧ ਕੇ 8,280 ਰੁਪਏ ਹੋਵੇਗਾ।