ਖੰਨਾ ‘ਚ ਸਕੂਲ ਜਾ ਰਹੀ ਮਾਸੂਮ ਬੱਚੀ ਦੀ ਇੱਕ ਤੇਜ਼ ਰਫਤਾਰ ਵਾਹਨ ਨੇ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਖੰਨਾ ਦੇ ਅਮਲੋਹ ਰੋਡ ‘ਤੇ ਸਥਿਤ ਕਾਨਪੁਰ ਪਿੰਡ ਦੇ ਸਰਕਾਰੀ ਸਕੂਲ ਬਾਹਰ ਤੇਜ਼ ਰਫ਼ਤਾਰ ਬੁਲੇਟ ਸਵਾਰ ਨੇ ਪਹਿਲੀ ਜਮਾਤ ‘ਚ ਪੜ੍ਹਦੀ ਬੱਚੀ ਨੂੰ ਦਰੜ ਦਿੱਤਾ। ਇਸ ਹਾਦਸੇ ਤੋਂ ਬਾਅਦ ਬੁਲੇਟ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਸਕੂਲ ਦੇ ਅਧਿਆਪਕ ਜਦੋਂ ਬੱਚੀ ਨੂੰ ਹਸਪਤਾਲ ਲੈ ਕੇ ਪੁੱਜੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦੇ 7 ਮਹੀਨਿਆਂ ਦੌਰਾਨ ਕੈਂਸਰ ਮਰੀਜ਼ਾਂ ਨੂੰ ਮਿਲਿਆ 13.54 ਕਰੋੜ ਰੁਪਏ ਦਾ…
ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਘਰੋਂ ਚਲਾ ਗਿਆ ਸੀ ਅਤੇ ਬੱਚੀ ਅੱਜ ਇਕੱਲੀ ਹੀ ਸਕੂਲ ਨੂੰ ਗਈ ਸੀ। ਸਕੂਲ ਇੰਚਾਰਜ ਇੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ ਅੰਦਰ ਸਵੇਰ ਦੀ ਪ੍ਰਾਰਥਨਾ ਹੋ ਰਹੀ ਸੀ ਤਾਂ ਬਾਹਰੋਂ ਜ਼ੋਰਦਾਰ ਆਵਾਜ਼ ਆਈ। ਜਦੋਂ ਉਹ ਸਕੂਲ ਦੇ ਬਾਹਰ ਨਿਕਲੇ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।