ਵੰਦੇ ਭਾਰਤ ਸਟੈਂਡਰਡ ‘ਚ ਬਦਲੀਆਂ ਜਾਣਗੀਆਂ 40 ਹਜ਼ਾਰ ਆਮ ਬੋਗੀਆਂ: ਵਿੱਤ ਮੰਤਰੀ

0
67

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੰਤਰਿਮ ਬਜਟ ਪੇਸ਼ ਕੀਤਾ। ਦੂਜੇ ਖੇਤਰਾਂ ਦੀ ਤਰ੍ਹਾਂ ਬਜਟ ਵਿੱਚ ਰੇਲਵੇ ਦੇ ਲਈ ਵੀ ਐਲਾਨ ਕੀਤੇ ਗਏ ਹਨ। ਵਿੱਤੀ ਸਾਲ 2024-25 ਦੇ ਬਜਟ ਵਿੱਚ ਸਰਕਾਰ ਦਾ ਫੋਕਸ ਵੰਦੇ ਭਾਰਤ ਟ੍ਰੇਨਾਂ ‘ਤੇ ਰਿਹਾ। ਅੰਤਰਿਮ ਬਜਟ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ 3 ਨਵੇਂ ਰੇਲਵੇ ਆਰਥਿਕ ਗਲਿਆਰੇ ਬਣਾਏ ਜਾਣਗੇ।

ਇਹ ਕੋਰੀਡੋਰ ਊਰਜਾ, ਖਣਿਜ ਅਤੇ ਸੀਮਿੰਟ ਲਈ ਹੋਣਗੇ। ਇਸ ਪ੍ਰੋਜੈਕਟ ਦੀ ਪਛਾਣ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦੇ ਤਹਿਤ ਕੀਤੀ ਗਈ ਹੈ। ਇਸ ਨਾਲ ਯਾਤਰੀ ਟਰੇਨਾਂ ਦੇ ਸੰਚਾਲਨ ਵਿੱਚ ਸੁਧਾਰ ਹੋਵੇਗਾ ਅਤੇ ਟ੍ਰੇਨਾਂ ਵਿੱਚ ਸਫਰ ਕਰਨਾ ਸੁਰੱਖਿਅਤ ਰਹੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਗਲਿਆਰਿਆਂ ਦੇ ਨਾਲ-ਨਾਲ ਤਿੰਨ ਆਰਥਿਕ ਗਲਿਆਰਾ ਪ੍ਰੋਗਰਾਮਾਂ ਨਾਲ ਸਾਡੀ ਜੀਡੀਪੀ ਦੀ ਵਿਕਾਸ ਦਰ ਵਧੇਗੀ ਤੇ ਰਸਦ ਵਿਵਸਥਾ ਸਬੰਧੀ ਲਾਗਤ ਵਿੱਚ ਵੀ ਕਮੀ ਆਵੇਗੀ। ਇੱਕ ਅਹਿਮ ਐਲਾਨ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ 40 ਹਜ਼ਾਰ ਆਮ ਬੋਗੀਆਂ ਨੂੰ ਵੰਦੇ ਭਾਰਤ ਦੇ ਪੈਮਾਨਿਆਂ ‘ਤੇ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਯਾਤਰੀਆਂ ਦੀ ਸੁਰੱਖਿਆ ਤੇ ਸਹੂਲੀਅਤ ਨੂੰ ਵਧਾਇਆ ਜਾ ਸਕੇ।

ਦੱਸ ਦੇਈਏ ਕਿ ਵਿੱਤ ਮੰਤਰੀ ਨੇ ਪਿਛਲੇ ਸਾਲ ਦੇ ਬਜਟ ਵਿੱਚ ਵੀ ਰੇਲਵੇ ਖੇਤਰ ਦੇ ਲਈ ਅਹਿਮ ਐਲਾਨ ਕੀਤੇ ਸੀ। ਸਾਲ 2023 ਦੇ ਕੁੱਲ 45 ਲੱਖ ਕਰੋੜ ਰੁਪਏ ਦੇ ਬਜਟ ਵਿੱਚ ਰੇਲਵੇ ਦਾ ਹਿੱਸਾ 2.4 ਲੱਖ ਕਰੋੜ ਰੁਪਏ ਸੀ। ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਰੇਲਵੇ ਲਈ ਬਜਟ ਵਿੱਚ ਅਲਾਟਮੈਂਟ ਵਿੱਚ ਲਗਾਤਾਰ ਵਾਧਾ ਹੋਇਆ ਹੈ।

5 ਸਾਲ ਪਹਿਲਾਂ ਭਾਵ 2019 ਦੇ ਬਜਟ ਵਿੱਚ ਰੇਲਵੇ ਨੂੰ 69,967 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਉਸ ਤੋਂ ਬਾਅਦ ਸਾਲ 2020 ਵਿੱਚ ਰੇਲਵੇ ਨੂੰ 70,250 ਕਰੋੜ ਰੁਪਏ ਦਿੱਤੇ ਗਏ, ਜਦੋਂ ਕਿ 2023 ਯਾਨੀ ਪਿਛਲੇ ਸਾਲ ਰੇਲਵੇ ਦਾ ਬਜਟ ਅਲਾਟਮੈਂਟ ਪਹਿਲੀ ਵਾਰ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ ।

LEAVE A REPLY

Please enter your comment!
Please enter your name here