ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਪਤੀ-ਪਤਨੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜੋੜੇ ਦੇ ਕਮਰੇ ’ਚ ਤਸਲੇ ‘ਚ ਲੱਕੜੀਆਂ ਬਾਲ ਕੇ ਰੱਖੀਆਂ ਸਨ ਤੇ ਦਰਵਾਜ਼ਾ ਬੰਦ ਸੀ।
ਜਿਸ ਕਾਰਨ ਦਮ ਘੁੱਟਣ ਕਾਰਨ ਮੌਤ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜਦੋਂ ਉਹ ਵਿਅਕਤੀ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਬੁਲਾਇਆ। ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਉਸ ਦੇ ਕਮਰੇ ‘ਚ ਪਹੁੰਚ ਗਏ। ਕਮਰਾ ਅੰਦਰੋਂ ਬੰਦ ਸੀ।
ਪੁਲਿਸ ਤੇ ਮਕਾਨ ਮਾਲਕ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜ ਕੇ 20 ਘੰਟਿਆਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਦੋਂ ਲੋਕ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਦੰਗ ਰਹਿ ਗਏ। ਪਤੀ ਦੀ ਲਾਸ਼ ਮੰਜੇ ‘ਤੇ ਪਈ ਸੀ ਅਤੇ ਪਤਨੀ ਜ਼ਮੀਨ ‘ਤੇ ਪਈ ਸੀ। ਮ੍ਰਿਤਕਾਂ ਦੀ ਪਛਾਣ ਕਰਨ (40) ਅਤੇ ਕਮਲਾ (38) ਵਜੋਂ ਹੋਈ ਹੈ।
ਉਨ੍ਹਾਂ ਦੇ ਵਿਆਹ ਨੂੰ ਲਗਭਗ 7 ਸਾਲ ਹੋ ਗਏ ਸਨ। ਇਸ ਜੋੜੇ ਦਾ ਕੋਈ ਬੱਚਾ ਨਹੀਂ ਹੈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ। ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਢੰਡਾਰੀ ਪੁਲੀਸ ਚੌਕੀ ਦੇ ਮੁਲਾਜ਼ਮਾਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।