ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਸੰਗਠਿਤ ਅੱਤਵਾਦੀ-ਅਪਰਾਧ ਸਿੰਡੀਕੇਟ ਦੇ ਮੈਂਬਰਾਂ ਦੀਆਂ 4 ਜਾਇਦਾਦਾਂ ਜ਼ਬਤ ਕਰ ਲਈਆਂ। ਜਿਨ੍ਹਾਂ ’ਚੋਂ ਤਿੰਨ ਅਚੱਲ ਅਤੇ ਇਕ ਚੱਲ ਜਾਇਦਾਦ ਸੀ। ਇਹ ਕਾਰਵਾਈ ਐੱਨ. ਆਈ. ਏ. ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਵਿਵਸਥਾਵਾਂ ਤਹਿਤ ਕੀਤੀਆਂ ਹਨ।
ਐੱਨ. ਆਈ. ਏ. ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵਿਕਾਸ ਸਿੰਘ, ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਕਾਲਾ ਰਾਣਾ ਦੇ ਪਿਤਾ ਜੋਗਿੰਦਰ ਸਿੰਘ ਅਤੇ ਹਥਿਆਰਾਂ ਨੂੰ ਲੁਕਾਉਣ ਵਾਲੇ ਦਲੀਪ ਕੁਮਾਰ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਵਿਕਾਸ ਸਿੰਘ ਨੇ ਪੰਜਾਬ ਪੁਲਸ ਹੈੱਡਕੁਆਰਟਰ ਵਿਖੇ ਆਰ. ਪੀ. ਜੀ. ਹਮਲੇ ’ਚ ਸ਼ਾਮਲ ਮੁਲਜ਼ਮਾਂ ਅਤੇ ਅੱਤਵਾਦੀਆਂ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵਿਕਾਸ ਨੇ ਪਨਾਹ ਦਿੱਤੀ ਸੀ।
ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਕਾਲਾ ਰਾਣਾ ਦੇ ਪਿਤਾ ਜੋਗਿੰਦਰ ਸਿੰਘ ਨੇ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਹਥਿਆਰ ਅਤੇ ਗੋਲਾ-ਬਾਰੂਦ ਸਪਲਾਈ ਕਰਨ ਲਈ ਆਪਣੀ ਫਾਰਚੂਨਰ ਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਕੇ ਮਦਦ ਕੀਤੀ ਸੀ। ਗਿਰੋਹ ਦੇ ਮੈਂਬਰ ਦਲੀਪ ਕੁਮਾਰ ਦੀ ਜਾਇਦਾਦ ਦੀ ਵਰਤੋਂ ਹਥਿਆਰਾਂ ਨੂੰ ਸਟੋਰ ਕਰਨ ਅਤੇ ਲੁਕਾਉਣ ਲਈ ਪਨਾਹ/ਗੋਦਾਮ ਦੇ ਰੂਪ ’ਚ ਅਤੇ ਅੱਤਵਾਦੀ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਲਈ ਵੀ ਕੀਤੀ ਜਾਂਦੀ ਰਹੀ ਸੀ।