ਤੇਲੰਗਾਨਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਰੀਅਲ ਅਸਟੇਟ ਅਥਾਰਿਟੀ ਦੇ ਅਫ਼ਸਰ ਦੇ ਘਰੋਂ ਕਰੋੜਾਂ ਰੁਪਏ ਦੀ ਦੌਲਤ ਮਿਲਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਤੇਲੰਗਾਨਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਓਰੋ (ਏਸੀਬੀ) ਦੇ ਹੱਥ ਕਰੋੜਾਂ ਰੁਪਏ ਦਾ ਖਜ਼ਾਨਾ ਹੱਥ ਲੱਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤੇਲੰਗਾਨਾ ਸਟੇਟ ਰੀਅਲ ਅਸਟੇਟ ਮੈਨੇਜਮੈਂਟ ਅਥਾਰਿਟੀ (TSRERA) ਦੇ ਸਕੱਤਰ ਸ਼ਿਵ ਬਾਲਕ੍ਰਿਸ਼ਨ ਕੋਲੋਂ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਦੀ ਸੰਪਤੀ ਮਿਲੀ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ ਏਸੀਬੀ ਨੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭ੍ਰਿਸ਼ਟਾਚਾਰ ਵਿਰੋਧੀ ਬਿਓਰੋ ਨੂੰ ਤਲਾਸ਼ੀ ਦੌਰਾਨ ਵੱਡੀ ਸੰਪੱਤੀ ਹਾਸਿਲ ਹੋਈ ਹੈ। ਜਾਣਕਾਰੀ ਅਨੁਸਾਰ ACB ਅਧਿਕਾਰੀਆਂ ਨੂੰ ਤਲਾਸ਼ੀ ਦੌਰਾਨ ਸੋਨਾ, ਫਲੈਟਸ, ਬੈਂਕ ਜਮ੍ਹਾਂ ਅਤੇ ਬੇਨਾਮੀ ਸੰਪਤੀ ਮਿਲੀ ਹੈ। ਇਸ ਸਾਰੀ ਸੰਪੱਤੀ ਦੀ ਕੀਮਤ 100 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।
ਜ਼ਬਤ ਕੀਤੀਆਂ ਗਈਆਂ ਚੀਜ਼ਾਂ ਵਿੱਚ 40 ਲੱਖ ਰੁਪਏ ਨਗਦ, 2 ਕਿਲੋ ਸੋਨੇ ਦੀ ਜਵੈਲਰੀ, 60 ਮਹਿੰਗੀਆਂ ਗੱਡੀਆਂ, ਸੰਪਤੀ ਦਸਤਾਵੇਜ, ਵੱਡੀ ਬੈਂਕ ਜਮ੍ਹਾਂ ਰਾਸ਼ੀ, 14 ਮੋਬਾਇਲ ਫੋਨ, 10 ਲੈਪਟਾਪ ਅਤੇ ਕਈ ਹੋਰ ਇਲੈਕਟ੍ਰੋਨਿਕ ਸਾਮਾਨ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਉਸ ਦੇ ਘਰ ਤੋਂ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ‘ਚ 4 ਬੈਂਕ ਲਾਕਰਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਨ੍ਹਾਂ ਲਾਕਰਾਂ ਦੀ ਤਲਾਸ਼ੀ ਨਹੀਂ ਲਈ ਹੈ।









