ਰਾਸ਼ਟਰਮੰਡਲ ਖੇਡਾਂ ‘ਚ ਰਵੀ ਦਹੀਆ ਤੇ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ

0
215

ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਖਿਡਾਰੀ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ’ਚ ਭਾਰਤੀ ਪਹਿਲਵਾਨ ਰਵੀ ਦਹੀਆ, ਵਿਨੇਸ਼ ਫੋਗਾਟ ਤੇ ਨਵੀਨ ਕੁਮਾਰ ਨੇ ਸੋਨ ਤਗ਼ਮੇ ਜਦਕਿ ਪੂਜਾ ਗਹਿਲੋਤ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ।

ਟੋਕੀਓ ਓਲੰਪਿਕਸ ’ਚ ਚਾਂਦੀ ਦਾ ਤਗ਼ਮਾ ਜੇਤੂ ਰਵੀ ਦਹੀਆ ਨੇ ਫਾਈਨਲ ਮੁਕਾਬਲੇ ’ਚ ਨਾਇਜੀਰੀਆ ਦੇ ਐਬੀਕੇਵੇਨਿਮੋ ਵੈਲਸਨ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਨਿਊਜ਼ੀਲੈਂਡ ਦੇ ਸੂਰਜ ਸਿੰਘ ਤੇ ਪਾਕਿਸਤਾਨ ਦੇ ਅਸਲ ਅਲੀ ਨੂੰ ਤਕਨੀਕੀ ਆਧਾਰ ’ਤੇ ਹਰਾਇਆ। ਨਵੀਨ ਕੁਮਾਰ ਨੇ 74 ਕਿਲੋ ਭਾਰ ਵਰਗ ਵਿੱਚ ਪਾਕਿਸਤਾਨ ਮੁਹੰਮਦ ਸ਼ਰੀਫ਼ ਤਾਹਿਰ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਵਿਨੇਸ਼ ਫੋਗਾਟ ਨੇ ਵੀ ਰਾਸ਼ਟਰਮੰਡਲ ਖੇਡਾਂ ’ਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ। ਉਸ ਨੇ ਫਾਈਨਲ ਵਿੱਚ ਸ੍ਰੀਲੰਕਾ ਦੀ ਪਹਿਲਵਾਨ ਚਾਮੋਡੀਆ ਕੇਸ਼ਾਨੀ ਮਦੁਰਾਵਲਾਗੇ ਨੂੰ ਹਰਾਇਆ। ਫਾਈਨਲ ਤੋਂ ਪਹਿਲਾਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜੇਤੂ ਕੈਨੇਡਾ ਦੀ ਸਾਮੰਥਾ ਲੀ ਸਟੀਵਰਟ ਨੂੰ ਹਰਾਇਆ। ਵਿਨੇਸ਼ ਲਈ ਇਹ ਮੁਕਾਬਲਾ ਮੁਸ਼ਕਲ ਸੀ ਪਰ ਉਸ ਨੇ ਸਿਰਫ਼ 36 ਸਕਿੰਟ ’ਚ ਇਹ ਮੁਕਾਬਲਾ ਜਿੱਤ ਲਿਆ। ਇਸ ਮਗਰੋਂ ਉਸ ਨੇ ਨਾਇਜੀਰੀਆ ਦੀ ਮਰਸੀ ਬੋਲਾਫੁਨੋਲੁਵਾ ਐਡੇਕੁਰੋਏ ਨੂੰ ਮਾਤ ਦਿੱਤੀ।

ਇਸੇ ਤਰ੍ਹਾਂ ਭਾਰਤੀ ਮਹਿਲਾ ਪਹਿਲਵਾਨ ਪੂਜਾ ਗਹਿਲੋਤ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ’ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਸ ਨੇ ਸਕਾਟਲੈਂਡ ਦੀ ਕ੍ਰਿਸਟੈਲੇ ਐੱਲ ਨੂੰ ਮਾਤ ਦਿੱਤੀ। ਇਸ ਤੋਂ ਪਹਿਲਾਂ ਲੰਘੀ ਰਾਤ ਹੋਏ ਮੁਕਾਬਲਿਆਂ ’ਚ ਦਿਵਿਆ ਕਾਕਰਾਨ ਤੇ ਮੋਹਿਤ ਗਰੇਵਾਲ ਨੇ ਭਾਰਤ ਲਈ ਕਾਂਸੀ ਦੇ ਤਗ਼ਮੇ ਜਿੱਤੇ। ਦਿਵਿਆ ਕਾਕਰਾਨ ਨੇ ਮਹਿਲਾਵਾਂ ਦੇ 68 ਕਿਲੋ ਭਾਰ ਵਰਗ ’ਚ ਕਾਂਸੀ ਦਾ ਤਗ਼ਮੇ ਦੇ ਪਲੇਆਫ ਮੁਕਾਬਲੇ ’ਚ ਟੌਂਗਾ ਦੀ ਟਾਈਗਰ ਲਿਲੀ ਨੂੰ ਸਿਰਫ਼ 26 ਸਕਿੰਟ ’ਚ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੇ 125 ਕਿਲੋ ਭਾਰ ਵਰਗ ’ਚ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਆਰੋਨ ਜੌਹਨਸਨ ਨੂੰ 6-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਦਿਵਿਆ ਕਾਕਰਾਨ ਹਾਲਾਂਕਿ ਫਰੀ ਸਟਾਈਲ 68 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ’ਚ ਨਾਇਜੀਰੀਆ ਦੀ ਬਲੈਸਿੰਗ ਓਬੋਰੁਡੁਡੂ ਤੋਂ ਤਕਨੀਕ ਪੱਖ (0-11) ਤੋਂ ਹਾਰ ਗਈ ਸੀ।

LEAVE A REPLY

Please enter your comment!
Please enter your name here