ਇਸ ਸਾਲ ਰਾਜਸਥਾਨ ‘ਚ ਬਾਰਿਸ਼ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ। ਸਭ ਤੋਂ ਵੱਧ ਮੀਂਹ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ 10 ਇੰਚ (260MM) ਤੱਕ ਦਰਜ ਕੀਤਾ ਗਿਆ ਹੈ ਜੋ ਹੁਣ ਗੰਗਾਨਗਰ ਜ਼ਿਲ੍ਹੇ ਵਿੱਚ ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਦਾ ਰਿਕਾਰਡ ਹੈ। ਭਾਰੀ ਮੀਂਹ ਕਾਰਨ ਗੰਗਾਨਗਰ ਵਿੱਚ 1-2 ਫੁੱਟ ਤੱਕ ਥਾਂ-ਥਾਂ ’ਤੇ ਪਾਣੀ ਭਰ ਜਾਣ ਕਾਰਨ ਸਥਿਤੀ ਵਿਗੜ ਗਈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੀ ਮਦਦ ਮੰਗੀ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਅਗਲੇ 48 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਥਾਵਾਂ ‘ਤੇ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਸਥਾਨਕ ਰਿਪੋਰਟਾਂ ਮੁਤਾਬਕ ਗੰਗਾਨਗਰ ‘ਚ ਕੱਲ ਦੁਪਹਿਰ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਦੇਰ ਰਾਤ ਤੱਕ ਜਾਰੀ ਰਹੀ। 10 ਘੰਟਿਆਂ ਤੋਂ ਵੱਧ ਸਮੇਂ ਤੱਕ ਇੱਥੇ 260MM ਮੀਂਹ ਰਿਕਾਰਡ ਕੀਤਾ ਗਿਆ। ਮੀਂਹ ਤੋਂ ਬਾਅਦ ਗੰਗਾਨਗਰ ਸ਼ਹਿਰ ਪਾਣੀ ਨਾਲ ਭਰ ਗਿਆ ਅਤੇ ਸਥਿਤੀ ਬੇਕਾਬੂ ਹੋ ਗਈ। ਵਿਗੜਦੀ ਵਿਵਸਥਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮਦਦ ਲਈ ਫੌਜ ਨੂੰ ਵੀ ਇੱਥੇ ਬੁਲਾਇਆ ਹੈ। ਕੁਲੈਕਟਰ ਰੁਕਮਣੀ ਰਿਆੜ ਨੇ ਦੱਸਿਆ ਕਿ ਪਾਣੀ ਇੰਨਾ ਭਰ ਗਿਆ ਹੈ ਕਿ ਯੂ.ਆਈ.ਟੀ ਅਤੇ ਨਗਰ ਕੌਂਸਲ ਕੋਲ ਜੋ ਪੰਪ ਅਤੇ ਹੋਰ ਸਾਧਨ ਮੌਜੂਦ ਉਹ ਫੇਲ੍ਹ ਹੋ ਗਏ ਹਨ। ਉਹ ਪਾਣੀ ਦੀ ਨਿਕਾਸੀ ਦਾ ਕੰਮ ਨਹੀਂ ਕਰ ਰਹੇ ਹਨ। ਇਸੇ ਲਈ ਸੈਨਾ ਤੋਂ ਇਕ ਵੱਡਾ ਮਡਪੰਪ ਅਤੇ ਕੁਝ ਲੋਕਾਂ ਦੀ ਮਦਦ ਮੰਗੀ ਗਈ ਹੈ।
43 ਸਾਲ ਪੁਰਾਣਾ ਰਿਕਾਰਡ ਟੁੱਟਿਆ
ਗੰਗਾਨਗਰ ਜ਼ਿਲੇ ‘ਚ ਜੁਲਾਈ ਮਹੀਨੇ ‘ਚ ਕਦੇ ਵੀ ਇੰਨੀ ਜ਼ਿਆਦਾ ਬਾਰਿਸ਼ ਨਹੀਂ ਹੋਈ, ਮਿਲੀ ਰਿਪੋਰਟ ਮੁਤਾਬਕ 18 ਜੁਲਾਈ 1978 ਨੂੰ ਗੰਗਾਨਗਰ ‘ਚ ਸਭ ਤੋਂ ਜ਼ਿਆਦਾ 108MM ਬਾਰਿਸ਼ ਹੋਈ ਸੀ ਜੋ ਕਿ ਸਭ ਤੋਂ ਜ਼ਿਆਦਾ ਸੀ। ਅੱਜ ਇਹ ਰਿਕਾਰਡ ਵੀ ਟੁੱਟ ਗਿਆ ਹੈ।