ਰਾਜਪੁਰਾ ਵਿੱਚ ਇੱਕ ਸੀਨੀਅਰ ਪੱਤਰਕਾਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰ ਰਮੇਸ਼ ਵੱਲੋਂ ਕਈ ਲੋਕਾਂ ਕੋਲੋਂ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਬਾਰੇ ਕਿਹਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰਮੇਸ਼ ਸ਼ਰਮਾ ਨੇ ਕੋਈ ਜਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਲਾਸ਼ ਕੋਲੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਸੁਸਾਇਡ ਨੋਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਵਿੱਚ ਕਈ ਲੋਕਾਂ ਦੇ ਨਾਂਅ ਦੱਸੇ ਜਾ ਰਹੇ ਹਨ। ਸੁਸਾਇਡ ਨੋਟ ‘ਚ ਕਪੂਰ ਪਰਿਵਾਰ, ਅਵਤਾਰ ਫੈਮਿਲੀ ਤੇ ਸੰਜੀਵ ਗਰਗ ਪਰਿਵਾਰ ਦਾ ਵੀ ਨਾਂ ਲਿਖਿਆ ਗਿਆ ਹੈ। ਜਿਨ੍ਹਾਂ ਕੋਲੋਂ ਪੱਤਰਕਾਰ ਪ੍ਰੇਸ਼ਾਨ ਸੀ।
ਪੱਤਰਕਾਰ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਦਿਆਲ ਕੰਬੋਜ਼ ਨੇ ਮੇਰੀ ਦੁਕਾਨ ‘ਤੇ ਕਬਜ਼ਾ ਕਰਵਾ ਕੇ ਮੈਨੂੰ ਬੇਰੁਜ਼ਗਾਰ ਬਣਾ ਦਿੱਤਾ ਤੇ ਉਸਦੇ ਬੇਟੇ ਨੇ ਮੇਰਾ ਢਾਬਾ ਬੰਦ ਕਰਵਾ ਦਿੱਤਾ ਸੀ। ਇਸਦੇ ਨਾਲ ਹੀ ਰਮੇਸ਼ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਮੈਨੂੰ ਮਰਨ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਨਹੀਂ ਹੋ ਜਾਂਦਾ, ਉਸ ਸਮੇਂ ਤੱਕ ਮੇਰਾ ਸਸਕਾਰ ਨਾ ਕੀਤਾ ਜਾਵੇ।