ਭਾਰਤ ਸਰਕਾਰ ਦੇ ਮੌਸਮ ਵਿਭਾਗ ਵਲੋਂ ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਦਿੱਲੀ ‘ਚ 9 ਜੁਲਾਈ ਤੱਕ ਮੀਂਹ ਜਾਰੀ ਰਹੇਗਾ। ਇਸਦੇ ਨਾਲ ਹੀ ਪੰਜਾਬ ‘ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਪੰਜਾਬ ਦੇ ਸਾਰੇ ਹਿੱਸਿਆਂ ‘ਚ ਬੱਦਲ ਛਾਏ ਰਹੇ ਤੇ ਬੀਤੇ ਦਿਨੀ ਕੁੱਝ ਥਾਵਾਂ ‘ਤੇ ਮੀਂਹ ਵੀ ਪਿਆ ਹੈ। ਮੀਂਹ ਪੈਣ ਨਾਲ ਤਾਪਮਾਨ ‘ਚ ਕੁੱਝ ਗਿਰਾਵਟ ਆਈ। ਪੰਜਾਬ ‘ਚ ਇਸ ਵਾਰ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਮੁੰਬਈ, ਠਾਣੇ, ਪਾਲਘਰ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ, ਪੁਣੇ, ਬੀਡ, ਲਾਤੂਰ, ਜਾਲਨਾ, ਪਰਭਨੀ ਅਤੇ ਮਹਾਰਾਸ਼ਟਰ ਦੇ ਕਈ ਹੋਰ ਖੇਤਰਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਪਹਿਲਾਂ ਹੀ ਬਰਸਾਤ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਐਨਸੀਆਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਛੱਤੀਸਗੜ੍ਹ ਦੇ ਕੁਝ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਬਿਜਲੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਛੱਤੀਸਗੜ੍ਹ ਦੇ 14 ਜ਼ਿਲ੍ਹੇ ਘੱਟ ਬਾਰਿਸ਼ ਦੀ ਲਪੇਟ ਵਿੱਚ ਹਨ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਗੁਜਰਾਤ, ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਤੇਲੰਗਾਨਾ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।