ਮੁਹਾਲੀ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਆਪਣੇ ਇੱਕ ਦੋਸਤ ਦਾ ਜਨਮਦਿਨ ਮਨਾਉਣ ਆਏ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਰੂਜ ਕਾਰ ਸ਼ਨੀਵਾਰ ਦੇਰ ਰਾਤ ਸੈਕਟਰ-88-89 ਸੜਕ ’ਤੇ ਅਚਾਨਕ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ ਕਾਰ ਚਲਾਉਣ ਵਾਲੇ ਮੁੰਡੇ ਅਤੇ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੀ ਕੁੜੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ 22 ਸਾਲ ਦੇ ਸਕਸ਼ਮ ਅਤੇ 19 ਸਾਲ ਦੀ ਰਿਧਮ ਸੇਠੀ ਵਜੋਂ ਹੋਈ ਹੈ। ਜਿਸ ਵੇਲੇ ਇਹ ਹਾਦਸਾ ਹੋਇਆ ਤਾਂ ਕਾਰ ਵਿਚ ਪਿਛਲੀ ਸੀਟ ’ਤੇ ਇਨ੍ਹਾਂ ਦੇ ਤਿੰਨ ਹੋਰ ਦੋਸਤ ਬੈਠੇ ਸਨ ਜੋ ਗੰਭੀਰ ਜ਼ਖਮੀ ਹੋਏ ਹਨ। ਤਿੰਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।
ਗੰਭੀਰ ਜ਼ਖਮੀਆਂ ਵਿਚ ਸਹਾਰਨਪੁਰ ਵਾਸੀ ਕ੍ਰਿਸ਼ਨਾ ਅਤੇ ਕਪਿਲ ਸ਼ਾਮਲ ਹਨ। ਹਾਲਾਂਕਿ ਤੀਜੇ ਲੜਕੇ ਰਸਿਕ ਗਰੋਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ।
ਜਾਣਕਾਰੀ ਮੁਤਾਬਿਕ ਉਹ ਆਪਣੇ ਕਿਸੇ ਦੋਸਤ ਦੀ ਜਨਮਦਿਨ ਪਾਰਟੀ ਮਨਾਉਣ ਸੈਕਟਰ-37 ਚੰਡੀਗੜ੍ਹ ਜਾ ਰਹੇ ਸਨ। ਖਰੜ ਤੋਂ ਨਿਕਲ ਕੇ ਜਦੋਂ ਇਹ ਸਾਰੇ ਸੈਕਟਰ-88-89 ਨੇੜੇ ਹੀਰੋ ਲਾਈਟ ਪੁਆਇੰਟ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ।
ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਇਲਾਜ ਦੌਰਾਨ ਰਿਧਮ ਸੇਠੀ ਅਤੇ ਸਕਸ਼ਮ ਦੀ ਮੌਤ ਹੋ ਗਈ। ਸੋਹਾਣਾ ਪੁਲਿਸ ਥਾਣੇ ਦੇ ਜਾਂਚ ਅਧਿਕਾਰੀ ਕਮਲ ਸ਼ਰਮਾ ਨੇ ਦੱਸਿਆ ਕਿ ਪੋਸਟਮਾਰਟਮ ਵਿਚ ਕੋਈ ਵੀ ਨਸ਼ਾ ਕੀਤਾ ਗਿਆ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।