ਮੁਹਾਲੀ: ਲਾਲੜੂ ਦੇ ਪਿੰਡ ਹੰਡੇਸਰਾ ਦੇ ਰਹਿਣ ਵਾਲੇ 3 ਨੌਜਵਾਨਾਂ ਦੀ ਨਿੱਜੀ ਬੱਸ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਫਿਲਹਾਲ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ‘ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਰੇਹਨ, ਗਗਨਦੀਪ ਅਤੇ ਸਲਮਾਨ ਵਾਸੀ ਪਿੰਡ ਸਤਾਰਪੁਰ, ਲਾਲੜੂ ਵਜੋਂ ਹੋਈ ਹੈ। ਤਿੰਨਾਂ ਮ੍ਰਿਤਕਾਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਕਰੀਬ ਸਵਾ 2 ਵਜੇ ਹਰਿਆਣਾ ਦੀ ਇਕ ਨਿੱਜੀ ਬੱਸ ਅੰਬਾਲਾ ਤੋਂ ਨਾਰਾਇਣਗੜ੍ਹ ਜਾ ਰਹੀ ਸੀ। ਇਸ ਬੱਸ ਨੇ ਰਾਹ ‘ਚ ਜੁਗਾੜੂ ਰੇਹੜੀ ‘ਤੇ ਸਬਜ਼ੀ ਲਾ ਕੇ ਬੈਠੇ 3 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।
ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਚਾਲਕ ਨੇ ਰੇਹੜੀ ਸਵਾਰ ਤਿੰਨ ਨੌਜਵਾਨਾਂ ‘ਤੇ ਬੱਸ ਚੜ੍ਹਾ ਦਿੱਤੀ। ਜਿਸ ‘ਚ ਰੇਹਾਨ ਅਤੇ ਸਲਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਗਗਨਦੀਪ ਨੂੰ ਇਲਾਜ ਲਈ ਅੰਬਾਲਾ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।
ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ। ਜਤਿੰਦਰ ਸਿੰਘ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਲਾਸ਼ਾਂ ਨੂੰ ਤੁਰੰਤ ਡੇਰਾਬੱਸੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਫਿਲਹਾਲ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਐੱਸ. ਐੱਚ. ਓ. ਗੁਰਬੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।