ਮਿਆਂਮਾਰ ਦੀ ਫ਼ੌਜੀ ਸਰਕਾਰ (ਜੁੰਟਾ) ਨੇ ਅੱਤਵਾਦੀ ਸਰਗਰਮੀਆਂ ਵਿਚ ਮਦਦ ਦੇ ਦੋਸ਼ ਵਿਚ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਦੇ ਸਾਬਕਾ ਸੰਸਦ ਮੈਂਬਰ ਫਿਓ ਜੇਯਾ ਥਾਵ ਸਣੇ ਲੋਕਤੰਤਰ ਸਮਰਥਕ ਚਾਰ ਲੋਕਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ। ਦੱਖਣ-ਪੂਰਬੀ ਏਸ਼ੀਆ ਦੇਸ਼ ਵਿਚ ਪਿਛਲੇ ਕਰੀਬ ਪੰਜ ਦਹਾਕਿਆਂ ਵਿਚ ਫਾਂਸੀ ਦਿੱਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ।
ਫ਼ੌਜੀ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਰਕਾਰੀ ਸਮਾਚਾਰ ਪੱਤਰ ਜ਼ਰੀਏ ਚਾਰਾਂ ਨੂੰ ਫਾਂਸੀ ਦਿੱਤੇ ਜਾਣ ਦੀ ਸੂਚਨਾ ਜਨਤਕ ਕੀਤੀ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਸਜ਼ਾ ਕਦੋਂ ਦਿੱਤੀ ਗਈ। ਫ਼ੌਜੀ ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕਾਨੂੰਨੀ ਪ੍ਰਕਿਰਿਆਵਾਂ ਦੇ ਤਹਿਤ ਸਾਰਿਆਂ ਨੂੰ ਫਾਂਸੀ ਦਿੱਤੀ ਗਈ ਹੈ। ਇਸ ਦੇ ਖ਼ਿਲਾਫ਼ ਸੰਯੁਕਤ ਰਾਸ਼ਟਰ ਵੱਲੋਂ ਮਨੁੱਖੀ ਅਧਿਕਾਰ ਸਬੰਧੀ ਮਾਮਲਿਆਂ ਲਈ ਨਿਯੁਕਤ ਆਜ਼ਾਦ ਮਾਹਰ ਥਾਮਸ ਐਂਡਰਿਊ ਨੇ ਸਖ਼ਤ ਕੌਮਾਂਤਰੀ ਪ੍ਰਤੀਕਿਰਿਆ ਦਾ ਸੱਦਾ ਦਿੱਤਾ ਹੈ। ਹਿਊਮਨ ਰਾਈਟਸ ਵਾਚ ਦੀ ਕਾਰਜਕਾਰੀ ਨਿਦੇਸ਼ਕ (ਏਸ਼ੀਆ) ਐਲਨ ਪੀਅਰਸਨ ਨੇ ਇਸ ਨੂੰ ਘੋਰ ਅਨਿਆਪੂਰਨ ਅਤੇ ਸਿਆਸਤ ਤੋਂ ਪ੍ਰੇਰਿਤ ਫ਼ੌਜੀ ਕਾਰਵਾਈ ਦੱਸਿਆ।
ਸਾਬਕਾ ਸੰਸਦ ਮੈਂਬਰ ਫਿਓ ਜੇਯਾ ਥਾਵ ਉਰਫ਼ ਮਾਊਂਗ ਕਵਾਨ (41) ਗੱਦੀ ਤੋਂ ਹਟਾਈ ਗਈ ਨੇਤਾ ਆਂਗ ਸਾਨ ਸੂ ਕੀ ਦੇ ਸਹਿਯੋਗੀ ਸਨ। ਕਵਾਨ ਦੀ ਪਤਨੀ ਥਾਜਿਨ ਨਿਉਂਤ ਓਂਗ ਨੇ ਕਿਹਾ ਕਿ ਉਨ੍ਹਾਂ ਨੂੰ ਫਾਂਸੀ ਦਿੱਤੇ ਜਾਣ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਕਵਾਨ ਨੂੰ ਪਿਛਲੇ ਸਾਲ ਨਵੰਬਰ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਹ 2007 ਵਿਚ ਜੈਨਰੇਸ਼ਨ ਵੇਵ ਸਿਆਸੀ ਅੰਦੋਲਨ ਦਾ ਮੈਂਬਰ ਬਣਨ ਤੋਂ ਪਹਿਲਾਂ ਹਿਪ-ਹਾਪ ਸੰਗੀਤਕਾਰ ਵੀ ਰਹੇ ਸਨ। ਲੋਕਤੰਤਰ ਸਮਰਥਕ ਕਿਆਵ ਮਿਨ ਯੂ ਉਰਫ਼ ਜਿੰਮੀ (53) ਨੂੰ ਪਿਛਲੇ ਸਾਲ ਅਕਤੂਬਰ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਇਲਾਵਾ, ਫ਼ੌਜ ਦੀ ਮੁਖਬਰ ਹੋਣ ਦੇ ਸ਼ੱਕ ਵਿਚ ਮਾਰਚ 2021 ਵਿਚ ਇਕ ਮਹਿਲਾ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਹਲਾ ਮਿਓ ਓਂਗ ਅਤੇ ਓਂਗ ਥੁਰਾ ਜਾਵ ਨੂੰ ਵੀ ਫਾਂਸੀ ਦਿੱਤੀ ਗਈ। ਇਨ੍ਹਾਂ ਸਾਰਿਆਂ ਨੂੰ ਜਨਵਰੀ ਅਤੇ ਅਪ੍ਰੈਲ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ।