ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ ‘ਚ ਐਤਵਾਰ ਨੂੰ ਇਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਦੱਸਿਆ ਗਿਆ ਸੀ ਕਿ ਇਹ ਭਾਰਤੀ ਜਹਾਜ਼ ਸੀ। ਹਾਲਾਂਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਜਹਾਜ਼ ਭਾਰਤ ਦਾ ਨਹੀਂ ਸੀ ਅਤੇ ਕਿਹਾ ਕਿ ਇਹ ਮੋਰੱਕੋ ਵਿੱਚ ਰਜਿਸਟਰਡ ਡੀਐਫ10 ਜਹਾਜ਼ ਸੀ। ਫਿਲਹਾਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਸੂਚਨਾ ਮੰਤਰਾਲੇ ਦੇ ਮੁਖੀ ਨੇ ਦੱਸਿਆ ਕਿ ਜਹਾਜ਼ ਕੁਰਾਨ-ਮੁੰਜਨ ਅਤੇ ਜਿਬਾਕ ਜ਼ਿਲਿਆਂ ‘ਚ ਤੋਪਖਾਨੇ ਦੀਆਂ ਪਹਾੜੀਆਂ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੀ ਜਾਂਚ ਲਈ ਟੀਮ ਭੇਜੀ ਗਈ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਜਹਾਜ਼ ਐਤਵਾਰ ਸਵੇਰੇ ਹਾਦਸਾਗ੍ਰਸਤ ਹੋਇਆ। ਸਥਾਨਕ ਮੀਡੀਆ ਮੁਤਾਬਕ ਇਹ ਜਹਾਜ਼ ਰੂਸ ਦੇ ਮਾਸਕੋ ਜਾ ਰਿਹਾ ਸੀ। ਇਸ ਦੌਰਾਨ ਉਹ ਬਦਖ਼ਸ਼ਾਨ ਦੀਆਂ ਪਹਾੜੀਆਂ ਵਿੱਚ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ।