ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪੁੱਜਦਾ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਮਲੋਟ ਸ਼ਹਿਰ ਦੇ ਵਸਨੀਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਅੰਮ੍ਰਿਤ 2 ਅਧੀਨ ਸਕੀਮ ਨੂੰ ਬੂਰ ਪੈਣਾ ਸ਼ਰੂ ਹੋ ਗਿਆ ਹੈ। ਉਹਨਾ ਦੱਸਿਆ ਕਿ ਇਸ ਸਕੀਮ ਨੂੰ ਨੇਪਰੇ ਚਾੜ੍ਹਣ ਲਈ 23.02 ਕਰੋੜ ਦੇ ਫੰਡ ਦਾ ਪ੍ਰਬੰਧ ਕਰਵਾਇਆ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਇਸ ਸਕੀਮ ਵਿਚ ਲੰਬੇ ਸਮੇਂ ਤੋਂ ਮਲੋਟ ਸਹਿਰ ਦੇ ਵਾਰਡ ਨੰਬਰ 8 ਵਿਚ ਪਾਣੀ ਦੀ ਉੱਚੀ ਟੈਂਕੀ ਦੀ ਉਸਾਰੀ ਦੇ ਨਾਲ ਨਾਲ ਸਰਹਿੰਦ ਫੀਡਰ ਤੋਂ ਆ ਰਹੀ ਕਰੀਬ 7 ਕਿਲੋਮੀਟਰ ਲਾਈਨ ਵੀ ਬਦਲੀ ਜਾਏਗੀ ਜੋ ਕਿ ਕਾਫੀ ਪੁਰਾਣੀ ਅਤੇ ਨਕਾਰਾ ਹੋ ਚੁੱਕੀ ਹੈ।
ਉਹਨਾਂ ਦੱਸਿਆ ਇਸ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਇਲਾਕੇ ਜੋ ਕਿ ਪੀਣ ਵਾਲੇ ਪਾਣੀ ਤੋਂ ਸੱਖਣੇ ਹਨ ਓਥੇ ਕਰੀਬ 16 ਕਿਲੋਮੀਟਰ ਨਵੀਂ ਪਾਈਪ ਵਿਛਾਈ ਜਾਵੇਗੀ ਅਤੇ ਵਾਟਰ ਵਰਕਸ ਦੀ ਚਾਰਦੀਵਾਰੀ ਨਵੀਂ ਉਸਾਰੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਸਕੀਮ ਦੇ ਮੁਕੰਮਲ ਹੋਣ ਤੇ ਵਾਰਡ ਨੰਬਰ 7,8 ਅਤੇ 9 ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ।
ਉਹਨਾਂ ਦੱਸਿਆ ਕਿ ਸਹਿਰ ਮਲੋਟ ਦੇ ਨਿਵਾਸੀਆਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਹ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਸਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।