ਉੱਤਰ ਪ੍ਰਦੇਸ਼ ‘ਚ ਇੱਕ ਭਿਆਨਕ ਦੁਰਘਟਨਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਵਾਹਨ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਇਕ ਬੇਕਾਬੂ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਟਰੱਕ ਨੇ ਹਰੀਦੁਆਰ ਤੋਂ ਗਵਾਲੀਅਰ ਕਾਂਵੜ ਲੈ ਕੇ ਜਾ ਰਹੇ ਕਾਂਵੜੀਆਂ ਨੂੰ ਕੁਚਲਿਆ। ਹਾਦਸੇ ’ਚ 6 ਕਾਂਵੜੀਆਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਆਗਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਕਾਂਵੜ ਯਾਤਰੀਆਂ ਦਾ ਜਥਾ ਹਰਿਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਿਹਾ ਸੀ।
ਦੱਸ ਦੇਈਏ ਕਿ ਇਸ ਸਮੇਂ ਸਾਵਣ ਦਾ ਮਹੀਨਾ ਚਲ ਰਿਹਾ ਹੈ। ਗੰਗਾ ਘਾਟ ਤੋਂ ਕਾਂਵੜੀਆਂ ਦਾ ਜਥਾ ਪਵਿੱਤਰ ਗੰਗਾਜਲ ਲੈ ਕੇ ਆਪਣੇ-ਆਪਣੇ ਸਥਾਨਾਂ ਦੇ ਮੰਦਰਾਂ ’ਤੇ ਜਾਂਦੇ ਹਨ। ਹਾਥਰਸ ਦੇ ਆਗਰਾ ਮਾਰਗ ਵੱਡੇ ਚੌਰਾਹੇ ’ਤੇ ਤੇਜ਼ ਰਫ਼ਤਾਰ ਜਾ ਰਹੇ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਸ਼ਨੀਵਾਰ ਤੜਕਸਾਰ 2.30 ਵਜੇ ਦੇ ਕਰੀਬ ਵਾਪਰਿਆ।
ਕਾਂਵੜੀਆਂ ਦੇ ਜਥੇ ’ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਹਰਿਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਹੇ ਸਨ। ਹਾਦਸੇ ਮਗਰੋਂ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਮੌਕੇ ’ਤੇ ਰਾਹਤ ਕੰਮ ਸ਼ੁਰੂ ਕਰਵਾਇਆ। ਆਗਰਾ ਜ਼ੋਨ ਦੇ ਐਡੀਸ਼ਨ ਪੁਲਿਸ ਜਨਰਲ ਡਾਇਰੈਕਟਰ ਰਾਜੀਵ ਕ੍ਰਿਸ਼ਨ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਓਧਰ ਹਾਦਸੇ ਨੂੰ ਅੰਜ਼ਾਮ ਦੇਣ ਵਾਲੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।