ਮਹਾਰਾਸ਼ਟਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ’ ‘ਚ ਕਈ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ।ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਸ਼ੁੱਕਰਵਾਰ ਸ਼ਾਮ ਨੂੰ ਇਕ ਭਿਆਨਕ ਸੜਕ ਹਾਦਸੇ ‘ਚ ਕਾਲਜ ਦੇ 5 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ। ਟਾਇਰ ਫਟਣ ਕਾਰਨ ਕਾਰ ਵਿੱਚ ਸਵਾਰ ਵਿਦਿਆਰਥੀਆਂ ਦੇ ਇੱਕ ਗਰੁੱਪ ਦੀ ਕਾਰ ਡਿਵਾਈਡਰ ਤੋੜ ਕੇ ਦੂਜੀ ਲੇਨ ਵਿੱਚ ਜਾ ਵੜੀ ਅਤੇ ਦੋ ਵਾਹਨਾਂ ਨਾਲ ਟਕਰਾ ਗਈ।
ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੋਹਦਰੀ ਘਾਟ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਕਾਲਜ ਦੇ ਅੱਠ ਵਿਦਿਆਰਥੀਆਂ ਦਾ ਇੱਕ ਸਮੂਹ ਨਾਸਿਕ ਤੋਂ ਸਿਨਾਰ ਵੱਲ ਜਾ ਰਿਹਾ ਸੀ। ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਨੇ ਲੇਨ ਪਾਰ ਕਰਦਿਆਂ ਦੂਜੇ ਪਾਸੇ ਤੋਂ ਆ ਰਹੀਆਂ ਦੋ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ।
ਸਾਰੇ ਵਿਦਿਆਰਥੀਆਂ ਦੀ ਉਮਰ 18-20 ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ 5 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਸਾਹਮਣੇ ਤੋਂ ਆ ਰਹੀ ਇੱਕ ਕਾਰ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ‘ਚ ਕਾਰ ਚਕਨਾਚੂਰ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ ਮਰਨ ਵਾਲੇ 5 ਲੋਕਾਂ ‘ਚ 3 ਲੜਕੀਆਂ ਅਤੇ 2 ਲੜਕੇ ਸ਼ਾਮਲ ਹਨ।