ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਵਿਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਤੇ ਪੰਜਵਾਂ ਮੈਂਬਰ ਗੰਭੀਰ ਜ਼ਖਮੀ ਹੋ ਗਿਆ। ਇਨ੍ਹਾਂ ਮ੍ਰਿਤਕਾਂ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਹਰਿਆਣਾ ਨਾਲ ਸਬੰਧਤ ਮਜ਼ਦੂਰੀ ਕਰਨ ਵਾਲ਼ਾ ਇਹ ਪਰਿਵਾਰ ਪਾਤੜਾਂ ਸ਼ਹਿਰ ਦੀ ਵਾਰਡ ਨੰਬਰ 9 ਵਿੱਚ ਸਥਿਤ ਧਾਨਕ ਬਸਤੀ ਜਾਖਲ ਰੋਡ ’ਤੇ ਕਿਰਾਏ ’ਤੇ ਰਹਿੰਦਾ ਸੀ। ਮਕਾਨ ਦੀ ਛੱਤ ਡਿੱਗਣ ਕਾਰਨ ਘਰ ਦੇ ਮੁਖੀ ਰਾਜੂ, ਉਸ ਦੀ ਪਤਨੀ ਸੁਨੀਤਾ ਅਤੇ ਬੇਟੀ ਊਸ਼ਾ ਅਤੇ ਬੇਟੇ ਅਮਨ ਦੀ ਮੌਤ ਹੋ ਗਈ, ਜਦਕਿ ਇਨ੍ਹਾਂ ਦਾ ਪੰਦਰਾਂ ਸਾਲਾ ਬੇਟਾ ਵਿਸ਼ਾਲ ਸਿਰ ‘ਚ ਸੱਟ ਵੱਜਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪਾਤੜਾਂ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਵੀਰਵਾਰ ਨੂੰ ਪਰਿਵਾਰ ਦੇ ਸਾਰੇ ਮੈਂਬਰ ਸੌਂ ਰਹੇ ਸਨ। ਉਸ ਸਮੇਂ ਘਰ ਦੀ ਪਿਛਲੀ ਕੰਧ ਦੱਬ ਗਈ, ਜਿਸ ਕਾਰਨ ਘਰ ਦੀ ਛੱਤ ਸੁੱਤੇ ਪਏ ਲੋਕਾਂ ‘ਤੇ ਡਿੱਗ ਗਈ। ਮਲਬੇ ਹੇਠ ਦੱਬਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਰਾਜੂ ਦਾ ਦੂਜਾ ਪੁੱਤਰ ਵਿਕਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਰਿਪੋਰਟਾਂ ਮੁਤਾਬਕ ਰਾਜੂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਸਬੇ ਅਸੰਧ ਦਾ ਰਹਿਣ ਵਾਲਾ ਸੀ। ਪਰ ਇੱਥੇ ਰਹਿੰਦਿਆਂ ਉਹ ਸਥਾਨਕ ਅਨਾਜ ਮੰਡੀ ਵਿੱਚ ਪੱਲੇਦਾਰ ਦਾ ਕੰਮ ਕਰਦਾ ਸੀ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।