ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਗਰੈਂਡ ਓਮੈਕਸ ਸੋਸਾਇਟੀ ’ਚ ਔਰਤ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਆਗੂ ਸ਼੍ਰੀਕਾਂਤ ਤਿਆਗੀ ‘ਤੇ ਪੁਲਿਸ ਨੇ ਸਿਕੰਜ਼ਾ ਕੱਸ ਲਿਆ ਹੈ।ਔਰਤ ਨਾਲ ਦੁਰਵਿਹਾਰ ਕਰਨ ਵਾਲੇ 25 ਹਜ਼ਾਰ ਦੇ ਇਨਾਮੀ ਭਾਜਪਾ ਆਗੂ ਸ਼੍ਰੀਕਾਂਤ ਤਿਆਗੀ ਨੂੰ ਨੋਇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਮੇਰਠ ਤੋਂ 3 ਹੋਰ ਸਾਥੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨਾਂ ਸਹਿਯੋਗੀਆਂ ਨੇਉਸਨੂੰ ਚਾਰ ਦਿਨਾਂ ਤੱਕ ਵੱਖ -ਵੱਖ ਥਾਵਾਂ ‘ਤੇ ਸ਼ਰਨ ਦਿਵਾ ਕੇ ਉਸਦੀ ਮਦਦ ਕੀਤੀ ਸੀ।ਫਰਾਰੀ ਦੌਰਾਨ ਸ਼੍ਰੀਕਾਂਤ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ‘ਚ ਵੱਖ ਵੱਖ ਸਥਾਨਾਂ ‘ਤੇ ਲੁੱਕਿਆ ਰਿਹਾ।
ਦੱਸਣਯੋਗ ਹੈ ਕਿ ਇਕ ਔਰਤ ਨੇ ਨੋਇਡਾ ਦੇ ਸੈਕਟਰ-93ਬੀ ‘ਚ ਰਿਹਾਇਸ਼ੀ ਸੋਸਾਇਟੀ ‘ਚ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਸ਼੍ਰੀਕਾਂਤ ਤਿਆਗੀ ਵਲੋਂ ਕੁਝ ਦਰੱਖਤ ਲਗਾਉਣ ‘ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਤਿਆਗੀ ਨੇ ਔਰਤ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਧੱਕਾ ਵੀ ਦਿੱਤਾ ਸੀ। ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਗਿਆ ਸੀ। ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਤਿਆਗੀ ਫਰਾਰ ਸੀ। ਸ਼੍ਰੀਕਾਂਤ ਤਿਆਗੀ ਖ਼ੁਦ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੰਬੰਧਤ ਦੱਸਦਾ ਹੈ, ਜਦੋਂ ਕਿ ਪਾਰਟੀ ਨੇ ਉਸ ਤੋਂ ਦੂਰੀ ਬਣਾਈ ਰੱਖੀ ਹੈ। ਮਾਮਲੇ ਨੂੰ ਲੈ ਕੇ ਵਿਰੋਧੀ ਦਲਾਂ ਨੇ ਵੀ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।