ਭਰਾ ਦੀ ਮੌਤ ਦੀ ਖਬਰ ਸੁਣ ਦੂਜੇ ਭਰਾ ਨੇ ਵੀ ਤੋੜਿਆ ਦਮ,ਇੱਕੋ ਦਿਨ ਕੀਤਾ ਦੋਵਾਂ ਦਾ ਸਸਕਾਰ

0
71

ਅੱਜ ਦੇ ਸਮੇਂ ‘ਚ ਜਦੋਂ ਜ਼ਮੀਨਾਂ ਕਰਕੇ ਇੱਕ ਇੱਕ ਭਰਾ ਦੂਜੇ ਭਰਾ ਦੀ ਜਾਨ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਉੱਥੇ ਹੀ ਦੋ ਭਰਾਵਾਂ ਦੇ ਅਜਿਹੇ ਪਿਆਰ ਦੀ ਖਬਰ ਸਾਹਮਣੇ ਆਈ ਹੈ ਕਿ ਇੱਕ ਭਰਾ ਦੀ ਮੌਤ ਦੀ ਖਬਰ ਜਦੋਂ ਭਰਾ ਤੱਕ ਪਹੁੰਚੀ ਤਾਂ ਉਹ ਦਰਦ ਸਹਿਣ ਨਾ ਕਰ ਸਕਿਆ ਤੇ ਉਸਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਅਲੀ ਨੰਗਲ ਵਿੱਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਰਾਵਾਂ ਦੇ ਚਚੇਰੇ ਭਰਾ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (42 )ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਜਿਸ ਨੂੰ ਇੱਕ ਦਮ ਘਬਰਾਹਟ ਮਹਿਸੂਸ ਹੋਈ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ।

ਉਨਾਂ ਦੱਸਿਆ ਕਿ ਜਦ ਉਸਦੀ ਮੌਤ ਦੀ ਖਬਰ ਉਸਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ ਤਾਂ ਉਸ ਵੱਲੋਂ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਉਸ ਨੂੰ ਇਕਦਮ ਦਿਲ ਦਾ ਦੌਰਾ ਪੈ ਗਿਆ ਜਿਸ ਨੂੰ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਸ ਨੂੰ ਵੀ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਅੱਜ ਜਦੋਂ ਦੋਵਾਂ ਸਕੇ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਸਮਸਾਨ ਘਾਟ ਅੰਤਮ ਸੰਸਕਾਰ ਲਈ ਲਿਆਂਦੀਆਂ ਗਈਆਂ ਤਾਂ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਸੀ ਤੇ ਉੱਥੇ ਹੀ ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕੋ ਚਿਖਾ ਵਿੱਚ ਚਿਣ ਕੇ ਅਗਨੀ ਭੇਟ ਕਰ ਦਿੱਤਾ ਗਿਆ।ਇਸ ਮੌਕੇ ਵੱਡੀ ਗਿਣਤੀ ਚ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਵੱਲੋਂ ਸੁਖਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

ਇਸ ਮੌਕੇ ਪਰਵਾਰਕ ਮੈਂਬਰਾਂ ਨੇ ਕੰਪਨੀ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੰਪਨੀ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।

LEAVE A REPLY

Please enter your comment!
Please enter your name here