ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਘਪਲੇ ‘ਚ ਨਾਮਜ਼ਦ ਸਾਬਕਾ ਮੁੱਖ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਪੰਕਜ ਮੀਨੂੰ ਮਲਹੋਤਰਾ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਉਹ ਆਪਣੇ ਪਰਿਵਾਰ ਨਾਲ ਵਿਜੀਲੈਂਸ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਨੇ ਐੱਸ. ਐੱਸ. ਪੀ. ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਦੱਸਣਯੋਗ ਹੈ ਕਿ ਮੀਨੂੰ ਮਲਹੋਤਰਾ ਪਿਛਲੇ 4 ਮਹੀਨਿਆਂ ਤੋਂ ਭਗੌੜੇ ਚੱਲ ਰਹੇ ਸਨ। ਇਸ ਮਾਮਲੇ ‘ਚ 24 ਦਸੰਬਰ ਨੂੰ ਸੁਣਵਾਈ ਹੋਣੀ ਹੈ।
ਦੱਸਣਯੋਗ ਹੈ ਕਿ ਫੂਡ ਅਤੇ ਸਪਲਾਈ ਵਿਭਾਗ ‘ਚ ਹੋਏ ਟੈਂਡਰ ਘਪਲੇ ‘ਚ ਸਾਬਕਾ ਮੰਤਰੀ ਆਸ਼ੂ ਇਸ ਸਮੇਂ ਜੇਲ੍ਹ ‘ਚ ਬੰਦ ਹਨ। ਇਸ ਮਾਮਲੇ ‘ਚ ਆਰ. ਕੇ. ਸਿੰਗਲਾ ਦਾ ਨਾਂ ਵੀ ਸਾਹਮਣੇ ਆਇਆ ਸੀ। ਇਹ ਵੀ ਦੱਸ ਦੇਈਏ ਕਿ ਸਾਬਕਾ ਮੰਤਰੀ ਆਸ਼ੂ ‘ਤੇ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਜ਼ਰੀਏ ਮੰਡੀਆਂ ‘ਚੋਂ ਅਨਾਜ ਚੁੱਕਣ ‘ਚ ਟੈਂਡਰ ਘਪਲੇ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ‘ਚ ਰੋਡਵੇਜ਼ ਦੇ ਕੱਚੇ ਕਾਮਿਆ ਵੱਲੋਂ ਪ੍ਰਦਰਸ਼ਨ, ਅੱਜ 4 ਵਜੇ ਹੋਵੇਗੀ ਮੀਟਿੰਗ
ਵਿਜੀਲੈਂਸ ਵੱਲੋਂ ਫੜ੍ਹੇ ਗਏ ਠੇਕੇਦਾਰ ਤੇਲੂ ਰਾਮ ਨੇ ਦਿੱਤੇ ਬਿਆਨ ‘ਚ ਕਿਹਾ ਸੀ ਕਿ ਉਸ ਨੇ ਸਾਬਕਾ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੇ ਪੀ. ਏ. ਨੂੰ 6 ਲੱਖ ਦੀ ਰਿਸ਼ਵਤ ਦਿੱਤੀ ਸੀ ਅਤੇ ਟੈਂਡਰ ਲੈਣ ਲਈ ਵੀ ਆਰ. ਕੇ. ਸਿੰਗਲਾ ਜ਼ਰੀਏ ਮੰਤਰੀ ਨੂੰ 20 ਲੱਖ ਰੁਪਏ ਦਿੱਤੇ ਸਨ। ਇਸੇ ਆਧਾਰ ‘ਤੇ ਆਸ਼ੂ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ 22 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।