ਬਠਿੰਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਗਈ ਜਾਨ

0
29

ਪਿੰਡ ਬਾਜਾਖਾਨਾ ਤੋਂ ਬਠਿੰਡਾ ਵੱਲ ਨੈਸ਼ਨਲ ਹਾਈ ਵੇਅ-54 ’ਤੇ ਦੇਰ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰੌਂਤਾ ਰਜਬਾਹਾ ਦੇ ਪੁਲ ਕਰੀਬ ਵਾਪਰਿਆ। ਇਥੇ ਇਕ ਸਵਿਫ਼ਟ ਡਿਜ਼ਾਇਰ ਕਾਰ (ਪੀ.ਬੀ 03-ਬੀ.ਬੀ. 0731) ਆਪਣੀ ਸਾਈਡ ਖੱਬੇ ਹੱਥ ਸੜਕ ਕੰਢੇ ਇਕ ਟਾਹਲੀ ਦੇ ਦਰਖ਼ਤ ਨਾਲ ਟਕਰਾ ਗਈ। ਕਾਰ ਬਠਿੰਡਾ ਤਰਫ਼ੋਂ ਬਾਜਾਖਾਨਾ ਵੱਲ ਜਾ ਰਹੀ ਸੀ।

ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਪੰਜੇ ਵਿਅਕਤੀ ਮੌਕੇ ’ਤੇ ਹੀ ਦਮ ਤੋੜ ਗਏ। ਮੌਤ ਦੇ ਮੂੰਹ ਜਾ ਪਏ ਵਿਅਕਤੀਆਂ ’ਚੋਂ ਇਕ ਦੀ ਸ਼ਨਾਖ਼ਤ ਕੋਠੇ ਰਾਮਸਰ ਵਾਲੇ (ਕੋਟਲੀ-ਅਬਲੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਵਿੱਚ ਇਕ ਹੋਰ ਅਮਨਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਾਹੋ ਯਾਤਰੀ (ਜ਼ਿਲ੍ਹਾ ਬਠਿੰਡਾ), ਗੁਰ ਨਾਨਕ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਰਾਇ ਕੇ ਕਲਾਂ (ਜ਼ਿਲ੍ਹਾ ਬਠਿੰਡਾ) ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ’ਚੋਂ ਇਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਅਤੇ ਦੂਜਾ ਝੁੰਬਾ ਦਾ ਰਹਿਣ ਦੱਸਿਆ ਜਾ ਰਿਹਾ ਹੈ।

ਇਸ ਦੁਰਘਟਨਾ ਸਥਾਨ ਤੋਂ ਕਰੀਬ ਸੌ ਫੁੱਟ ਅੱਗੇ ਇਕ ਹੋਰ ਆਈ ਟਵੰਟੀ ਕਾਰ (ਪੀਬੀ 08- ਈਸੀ 1233) ਹਾਦਸਾਗ੍ਰਸਤ ਹੋਈ ਹੈ। ਇਸ ਹਾਦਸੇ ਦਾ ਹੈਰਾਨੀਜਨਕ ਪੱਖ ਇਹ ਵੇਖਣ ਨੂੰ ਮਿਲਿਆ ਕਿ ਗੱਡੀ ਵਿਚਲੇ ਸੇਫ਼ਟੀ ਬੈਲੂਨ (ਸੁਰੱਖਿਅਤ ਗੁਬਾਰੇ) ਖੁੱਲ੍ਹੇ ਹੋਏ ਸਨ ਪਰ ਕਾਰ ਵਿਚਲੇ ਸਵਾਰ ਗਾਇਬ ਸਨ। ਪੁਲਿਸ ਅਨੁਸਾਰ ਕਾਰ ਦੇ ਮਾਲਕ ਦੀ ਸ਼ਨਾਖ਼ਤ ਵਿੱਕੀ ਕੁਲਦਾਰ ਪੁੱਤਰ ਸੋਰਦੀ ਰਾਮ ਵਾਸੀ ਬਿਲੀ ਚਰਮ (ਨਜ਼ਦੀਕ ਸ਼ਾਹਕੋਟ) ਵਜੋਂ ਦੱਸੀ ਗਈ ਹੈ।

ਡੀਐੱਸਪੀ ਜੈਤੋ ਸੁਖਜੀਤ ਸਿੰਘ ਸਮੇਤ ਐੱਸਐੱਚਓ ਬਾਜਾਖਾਨਾ ਮੌਕੇ ’ਤੇ ਪੁੱਜੇ ਅਤੇ ਦੋਵਾਂ ਹਾਦਸਿਆਂ ਦਾ ਜਾਇਜ਼ਾ ਲਿਆ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵਾਂ ਹਾਦਸਿਆਂ ਦੇ ਆਪਸੀ ਸੁਮੇਲ ਦੀ ਪ੍ਰਬਲ ਸੰਭਾਵਨਾ ਹੈ। ਹਾਦਸੇ ਦੇ ਤੁਰੰਤ ਬਾਅਦ ਜੈਤੋ ਤੋਂ ਸਮਾਜ ਸੇਵੀ ਸੰਗਠਨਾਂ ਦੇ ਕਾਰਕੁੰਨ ਐਂਬੂਲੈਂਸਾਂ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਜੁੱਟ ਗਏ ।

LEAVE A REPLY

Please enter your comment!
Please enter your name here