ਪੰਜਾਬ ਸਰਕਾਰ ਵਲੋਂ ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਕਾਇਆ ਬਿਜਲੀ ਬਿੱਲ ਮੁਆਫ

0
2469

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਘਰੇਲੂ ਸ੍ਰੇਣੀ ਦੇ ਸਾਰੇ ਖਪਤਕਾਰਾਂ ਦੇ 31 ਦਸੰਬਰ, 2021 ਤਕ ਦੇ ਬਕਾਇਆ ਖੜੇ ਬਿਜਲੀ ਬਿਲ ਮੁਆਫ ਕਰ ਦਿੱਤੇ ਹਨ। ਇਸ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਡਿਫਾਲਟਰ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਰਾਹਤ ਦੇਣ ਬਾਰੇ ਦੱਸਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਘਰੇਲੂ ਬਿਜਲੀ ਖਪਤਕਾਰ ਜਿਨ੍ਹਾਂ ਵੱਲੋਂ 30 ਜੂਨ 2022 ਤਕ 31 ਦਸੰਬਰ 2021 ਤਕ ਦੇ ਬਕਾਇਆ ਖੜ੍ਹੇ ਬਿਜਲੀ ਬਿਲਾਂ ਦੀ ਅਦਾਇਗੀ ਨਹੀਂ ਕੀਤੀ ਗਈ ਹੈ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ ਅਤੇ ਜਿਨਾਂ ਨੂੰ ਬਹਾਲ ਕਰਨਾ ਸੰਭਵ ਨਹੀਂ ਹੈ, ਬਿਨੈਕਾਰ ਦੀ ਬੇਨਤੀ ‘ਤੇ ਪੀ.ਐੱਸ.ਪੀ.ਸੀ.ਐੱਲ. ਵੱਲੋਂ ਦੁਬਾਰਾ ਜੋੜ ਦਿੱਤੇ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਨਵੇਂ ਘਰੇਲੂ ਬਿਜਲੀ ਕੁਨੈਕਸ਼ਨ ਲਈ ਜੋ ਖਰਚੇ ਬਿਜਲੀ ਖਪਤਕਾਰਾਂ ਵੱਲੋਂ ਅਦਾ ਕੀਤੇ ਜਾਣੇ ਹਨ, ਦੀ ਅਦਾਇਗੀ ਵੀ ਪੰਜਾਬ ਸਰਕਾਰ ਵੱਲੋਂ ਪੀ.ਐਸ.ਪੀ.ਸੀ.ਐਲ. ਨੂੰ ਕੀਤੀ ਜਾਵੇਗੀ।

ਹੋਰ ਸਾਰੇ ਖਪਤਕਾਰ ਜਿਵੇਂ ਸਰਕਾਰੀ ਹਸਪਤਾਲ /ਸਰਕਾਰੀ ਡਿਸਪੈਂਸਰੀਆਂ, ਧਾਰਮਿਕ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਅਤੇ ਅਟੈਚਡ ਹੋਸਟਲਾਂ ਆਦਿ ਇਸ ਮੁਆਫੀ ਸਕੀਮ ਦੇ ਘੇਰੇ ਵਿੱਚ ਨਹੀਂ ਆਉਣਗੇ।

ਸ੍ਰੀ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਦੇ ਸਾਰੇ ਯੋਗ ਵਸਨੀਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇ ਰਹੀ ਹੈ। ਉਨਾਂ ਦੱਸਿਆ ਕਿ ਸੂਬਾ ਸਰਕਾਰ ਕੀਤੇ ਸਾਰੇ ਚੋਣ ਵਾਅਦੇ ਪੂਰੇ ਕਰੇਗੀ ਅਤੇ ਲੋਕ ਹਿੱਤ ‘ਚ ਕੰਮ ਕਰਦੀ ਰਹੇਗੀ।

LEAVE A REPLY

Please enter your comment!
Please enter your name here