ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਸਦਨ ‘ਚ ਕੈਗ ਰਿਪੋਰਟ ਰੱਖੇ ਜਾਣ ਦੀ ਚਰਚਾ ਹੈ। ਸਦਨ ‘ਚ ਅੱਜ ਵੀ ਹੰਗਾਮੇ ਦੇ ਆਸਾਰ ਹਨ। ਬੀਤੇ ਦਿਨ ਵੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਦਨ ‘ਚ ਹੰਗਾਮਾ ਹੋਇਆ ਸੀ। ਸਦਨ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਵੱਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ‘ਚ ਸਮਾਂ ਬਹੁਤ ਘੱਟ ਮਿਲਦਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਨਤਾ ਦੇ ਸਾਰੇ ਮੁੱਦਿਆਂ ਨੂੰ ਸਦਨ ‘ਚ ਰੱਖਿਆ ਜਾਵੇ। ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਬੋਲਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਸ ਘਟਨਾ ਦੇ ਸਾਰੇ ਦੋਸ਼ੀ ਨਹੀਂ ਫੜ੍ਹੇ ਗਏ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰਕੇ ਸਜ਼ਾ ਦੇਵੇ।
ਮਨਪ੍ਰੀਤ ਇਆਲੀ ਨੇ ਦੋਸ਼ ਲਾਇਆ ਕਿ ਜਦੋਂ ਸਦਨ ‘ਚ ਵਿਰੋਧੀ ਧਿਰ ਦਾ ਕੋਈ ਆਗੂ ਬੋਲਦਾ ਹੈ ਤਾਂ ਉਸ ਦੀ ਸਪੀਚ ਨੂੰ ਦੂਰੋਂ ਹੀ ਦਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤ ਹੈ ਕਿਉਂਕਿ ਜੇਕਰ ਸਭ ਕੁੱਝ ਲਾਈਵ ਹੀ ਹੈ ਤਾਂ ਫਿਰ ਅਜਿਹਾ ਪੱਖਪਾਤ ਨਹੀਂ ਕਰਨਾ ਚਾਹੀਦਾ।
ਸਿੱਖਿਆ ਦੇ ਪੱਧਰ ਨੂੰ ਹੋਰ ਚੁੱਕਣ ਦੇ ਮੁੱਦੇ ‘ਤੇ ਚਰਚਾ ਹੋਈ। ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਦੇਸ਼ ਟਰੇਨਿੰਗ ‘ਤੇ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਲਜ ਤਾਂ ਖੁੱਲ੍ਹ ਗਏ ਹਨ ਪਰ ਉੱਥੇ ਪੜਾਉਣ ਲਈ ਪ੍ਰੋਫੈਸਰ ਨਹੀਂ ਹਨ। ਮੁਕੇਰੀਆਂ ਵਿਖੇ ਸਿੱਖਿਆਂ ਸਹੂਲਤਾਂ ਦੀ ਘਾਟ ‘ਤੇ ਵੀ ਚਰਚਾ ਹੋਈ।
ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦ ਹੀ ਪ੍ਰੋਫੈਸਰਾਂ ਦਾ ਪ੍ਰਬੰਧ ਕਰਨ ਜਾ ਰਹੇ ਹਾਂ,ਕਿਉਂਕਿ ਕੇਵਲ ਕਾਲਜ ਘਰ ਦੇ ਨੇੜੇ ਹੋਣ ਨਾਲ ਬੱਚਿਆਂ ਨੂੰ ਫਾਇਦਾ ਨਹੀਂ ਹੋਵੇਗਾ, ਜੇਕਰ ਉੱਥੇ ਸਿੱ ਖਿਆ ਦੇਣ ਲਈ ਪ੍ਰੋਫੈਸਰ ਹੀ ਨਹੀਂ ਹੋਣਗੇ। ਇਸ ਲਈ ਜ਼ਰੂਰੀ ਹੈ ਕਿ ਪ੍ਰੋਫੈਸਰਾਂ ਦਾ ਪ੍ਰਬੰਧ ਪਹਿਲਾਂ ਕੀਤਾ ਜਾਵੇ। ਇਸ ਲਈ ਪੂਰੀ ਕੋਸ਼ਿਸ ਕਰ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਮਿਲ ਸਕੇ। ਕੰਢੀ ਇਲਾਕੇ ‘ਚ ਪੈਂਦੇ 200 ਸਕੂਲਾਂ ‘ਚ ਸਿੱਖਿਆ ਦੇ ਨੀਵੇਂ ਪੱਧਰ ‘ਤੇ ਵੀ ਚਰਚਾ ਹੋਈ। ਮੀਤ ਹੇਅਰ ਨੇ ਭਰੋਸਾ ਦਿੱਤਾ ਕਿ ਇਸਦਾ ਜਲਦ ਹੀ ਹੱਲ ਕੀਤਾ ਜਾਵੇਗਾ।