ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ, ਪ੍ਰਤਾਪ ਬਾਜਵਾ ਨੇ ਅਗਨੀਪੱਥ ਯੋਜਨਾ ਤੇ ਸੁਖਪਾਲ ਖਹਿਰਾ ਨੇ SYL ਗੀਤ ਦਾ ਚੁੱਕਿਆ ਮੁੱਦਾ

0
271

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਸਦਨ ਦੀ ਕਾਰਵਾਈ ਜਾਰੀ ਹੈ। ਕੇਂਦਰ ਸਰਕਾਰ ਵਲੋਂ ਫੌਜ ਵਿਚ ਭਰਤੀ ਲਈ ਸ਼ੁਰੂ ਕੀਤੀ ਅਗਨੀਪਥ ਯੋਜਨਾ ਦਾ ਮੁੱਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਚੁੱਕਿਆ। ਬਾਜਵਾ ਨੇ ਕਿਹਾ ਕਿ ਅਗਨੀਪਥ ਯੋਜਨਾ ਦੇ ਵਿਰੋਧ ਵਿਚ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਂਦਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਸ ਦੇ ਵਿਰੋਧ ਵਿਚ ਮਤਾ ਲਿਆਂਦਾ ਜਾਵੇਗਾ।

ਸੁਖਪਾਲ ਖਹਿਰਾ ਨੇ ਸਿੱਧੂ ਮੂਸੇ ਵਾਲਾ ਦੇ ਗੀਤ ‘ਐੱਸ. ਵਾਈ. ਐੱਲ.’ ਦੇ ਬੈਨ ਹੋਣ ਦਾ ਮੁੱਦਾ ਚੁੱਕਿਆ ਹੈ। ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਿੱਧੂ ਦਾ ‘ਐੱਸ. ਵਾਈ. ਐੱਲ.’ ਗੀਤ ਕੇਂਦਰ ਸਰਕਾਰ ਨੇ ਬੈਨ ਕਰਵਾਇਆ ਹੈ।

ਇਹੀ ਨਹੀਂ, ਗੀਤ ਬੈਨ ਕਰਨ ਮਗਰੋਂ ਕੇਂਦਰ ਸਰਕਾਰ ਨੇ ਟਵਿਟਰ ’ਤੇ 100 ਤੋਂ ਵੱਧ ਟਵਿਟਰ ਹੈਂਡਲਸ ਵੀ ਬੰਦ ਕਰ ਦਿੱਤੇ ਹਨ, ਜਿਨ੍ਹਾਂ ’ਚ ਸਭ ਤੋਂ ਮਹੱਤਵਪੂਰਨ ‘ਟਰੈਕਟਰ ਟੂ ਟਵਿਟਰ’ ਤੇ ‘ਕਿਸਾਨ ਏਕਤਾ ਮੋਰਚਾ’ ਦੇ ਹਨ। ਸੁਖਪਾਲ ਖਹਿਰਾ ਨੇ ਇਨ੍ਹਾਂ ਟਵਿਟਰ ਹੈਂਡਲਸ ਦੇ ਬੈਨ ਹੋਣ ਪਿੱਛੇ ਵੀ ਬੀ. ਜੇ. ਪੀ. ਸਰਕਾਰ ਦਾ ਹੱਥ ਦੱਸਿਆ ਹੈ।

ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਭਾਰਤ ਇਕ ਆਜ਼ਾਦ ਦੇਸ਼ ਹੈ ਤੇ ਇਥੇ ਹਰ ਇਕ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਇੰਝ ਗੀਤ ਤੇ ਅਕਾਊਂਟਸ ਬੈਨ ਕਰਨ ਤੋਂ ਸਾਫ ਜ਼ਾਹਿਰ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਆਪਣੀ ਆਵਾਜ਼ ਚੁੱਕ ਸਕਣ।

ਦੱਸ ਦੇਈਏ ਕਿ ਸੁਖਪਾਲ ਖਹਿਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਕਿ ਉਹ ਇਹ ਮੁੱਦਾ ਜ਼ਰੂਰ ਚੁੱਕਣਗੇ। ਉਨ੍ਹਾਂ ਕਿਹਾ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ, ਲੋਕਾਂ ਦੀ ਆਵਾਜ਼ ਬੰਦ ਕਰਨ ਦਾ ਕੋਈ ਚਾਂਸ ਨਹੀਂ ਹੈ।

LEAVE A REPLY

Please enter your comment!
Please enter your name here