ਕੜਾਕੇ ਦੀ ਠੰਡ ’ਚ ਮੁੜ ਤੋਂ ਸਕੂਲਾਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇਹ ਖ਼ਬਰ ਬਹੁਤ ਅਹਿਮ ਹੈ। ਦਰਅਸਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਸਕੂਲਾਂ ’ਚ ਹੋਰ ਛੁੱਟੀਆਂ ਨਹੀਂ ਹੋਣਗੀਆਂ।
ਸ਼ਨੀਵਾਰ ਨੂੰ ਪੀ. ਏ. ਯੂ. ਵਿਖੇ ਕਰਵਾਈਆਂ ਕੌਮੀ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਸ਼ਿਰਕਤ ਕਰਨ ਆਏ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਵੀ ਮਹਿਸੂਸ ਕਰ ਰਹੇ ਹਨ ਕਿ ਠੰਡ ਬਹੁਤ ਹੈ ਪਰ ਅਕਾਦਮਿਕ ਕੈਲੰਡਰ ਅਨੁਸਾਰ ਫਿਲਹਾਲ ਛੁੱਟੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸਾਲ 230 ਦਿਨ ਸਕੂਲ ਜਾਣਾ ਪੈਂਦਾ ਹੈ ਪਰ ਹੜ੍ਹਾਂ ਕਾਰਨ ਇਸ ਸੈਸ਼ਨ ’ਚ ਪਹਿਲਾਂ ਹੀ ਕਈ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਹੁਣ ਛੁੱਟੀਆਂ ਕਰਨਾ ਸੰਭਵ ਨਹੀਂ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰ ਕੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ ਹੋਣਗੀਆਂ। ਮੰਤਰੀ ਬੈਂਸ ਨੇ ਕਿਹਾ ਕਿ ਹੜ੍ਹ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਾਫੀ ਛੁੱਟੀਆਂ ਕਰਨੀਆਂ ਪਈਆਂ ਸਨ। ਇਸ ਕਰਕੇ ਠੰਢ ਹੋਣ ਦੇ ਬਾਵਜੂਦ ਜ਼ਿਆਦਾ ਛੁੱਟੀਆਂ ਨਹੀਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਰ ਕੇ 6 ਫਰਵਰੀ ਤੋਂ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ। ਇਸ ਵਾਰ ਮੈਰੀਟੋਰੀਅਸ ਤੇ ਸਕੂਲ ਆਫ਼ ਐਮੀਨੈਂਸ ਦੇ ਪੇਪਰ ਇਕੱਠੇ ਹੋਣਗੇ। ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਦੇ ਬੱਚਿਆਂ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ।
ਉਧਰ ਪੰਜਾਬ ਸਰਕਾਰ ਨੇ ਸੂਬੇ ਦੇ ਸਿਰਫ ਆਂਗਣਵਾੜੀ ਸੈਂਟਰਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3-6 ਸਾਲ ਦੇ ਬੱਚਿਆਂ ਲਈ 14 ਜਨਵਰੀ, 2024 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆ ਦਾ ਆਂਗਣਵਾੜੀ ਸੈਟਰਾਂ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਹਨ।