ਪੈਰਾਲਿੰਪਿਕ ਤਗ਼ਮਾ ਜੇਤੂ ਸਿੰਘਰਾਜ ਅਧਾਨਾ ਨੇ ਇੱਥੇ ਪੈਰਾ ਸ਼ੂਟਿੰਗ ਵਿਸ਼ਵ ਕੱਪ ਦੇ ਆਖ਼ਰੀ ਦਿਨ ਦੋ ਸੋਨੇ ਦੇ ਤਗ਼ਮੇ ਜਿੱਤੇ, ਜਿਸ ਨਾਲ ਭਾਰਤ ਨੇ ਇਸ ਮੁਕਾਬਲੇ ਵਿੱਚ ਕੁੱਲ 10 ਤਗ਼ਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿੰਘਰਾਜ ਦੇ ਦੋ ਤਗ਼ਮਿਆਂ ਨੇ ਭਾਰਤ ਨੂੰ ਤਗ਼ਮਿਆਂ ਦੀ ਸੂਚੀ ਵਿੱਚ ਸਿਖਰ ’ਤੇ ਪਹੁੰਚਾਇਆ, ਜੋ ਦੇਸ਼ ਦਾ ਇਸ ਮੁਕਾਬਲੇ ਵਿੱਚ 2017 ਦੌਰਾਨ ਪਹਿਲੀ ਵਾਰ ਹਿੱਸਾ ਲੈਣ ਮਗਰੋਂ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਨੇ ਛੇ ਸੋਨੇ, ਤਿੰਨ ਚਾਂਦੀ ਦੇ ਤਗ਼ਮੇ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਫਰਾਂਸ (11) ਅਤੇ ਯੂਕਰੇਨ (15) ਨੇ ਕ੍ਰਮਵਾਰ 4 ਅਤੇ 3 ਸੋਨ ਤਗ਼ਮੇ ਜਿੱਤ ਕੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਮੁਕਾਬਲੇ ਦੇ ਆਖ਼ਰੀ ਦਿਨ ਟੋਕੀਓ ਪੈਰਾਲਿੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਘਰਾਜ ਨੇ 224.1 ਅੰਕ ਨਾਲ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਵਿਅਕਤੀਗਤ ਮੁਕਾਬਲੇ ਤੋਂ ਪਹਿਲਾਂ ਸਿੰਘਰਾਜ ਨੇ ਹਮਵਤਨ ਦੀਪੇਂਦਰ ਸਿੰਘ ਅਤੇ ਮਨੀਸ਼ ਨਰਵਾਲ ਨਾਲ ਮਿਲ ਕੇ ਟੀਮ ਨੂੰ ਸੋਨੇ ਦਾ ਤਗ਼ਮਾ ਦਿਵਾਇਆ। ਵਿਅਕਤੀਗਤ ਤੌਰ ’ਤੇ ਸਿੰਘਰਾਜ ਦਾ ਪੀ-4 ਮੁਕਾਬਲੇ ਵਿੱਚ ਪਹਿਲਾ ਸੋਨ ਤਗ਼ਮਾ ਹੈ। ਭਾਰਤੀ ਪੈਰਾ ਸ਼ੂਟਿੰਗ ਟੀਮ ਹੁਣ ਸੰਯੁਕਤ ਅਰਬ ਅਮੀਰਾਤ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ।