ਬਠਿੰਡਾ ਪੁਲਿਸ ਮੁਖੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੀਆਂ ਹਦਾਇਤਾਂ ਦੇ ਅੱਜ ਸੀ.ਆਈ.ਏ ਸਟਾਫ 1 ਅਤੇ 2 ਵੱਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਕਈ ਹੋਟਲਾਂ ਚ ਅੱਜ ਅਚਨਚੇਤ ਰੇਡ ਕੀਤੀ ਗਈ। ਪੁਲਿਸ ਵੱਲੋਂ ਕਈ ਪੀ.ਜੀ ਵੀ ਖੰਗਾਲੇ ਗਏ ਅਤੇ ਉਨਾਂ ‘ਚ ਰਹਿੰਦੇ ਵਿਦਿਆਰਥੀਆਂ ਦੀ ਜਾਣਕਾਰੀ ਇਕੱਤਰ ਕੀਤੇ ਜਾਣ ਦੀ ਵੀ ਸੂਚਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਸਾਬੋ ਨਗਰ ਵਿੱਚ ਦੋ ਯੂਨੀਵਰਸਿਟੀਆਂ,ਇੱਕ ਯੂਨੀਵਰਸਿਟੀ ਕੈਂਪਸ ਅਤੇ ਕਈ ਹੋਰ ਵਿੱਦਿਅਕ ਅਦਾਰੇ ਹੋਣ ਕਾਰਣ ਨਗਰ ਐਜੂਕੇਸ਼ਨ ਹੱਬ ਬਣ ਚੁੱਕਾ ਹੈ। ਜਿਸ ਕਾਰਣ ਇੱਥੇ ਦੇਸ਼ ਵਿਦੇਸ਼ ਚੋਂ ਵੱਡੀ ਗਿਣਤੀ ਵਿਦਿਆਰਥੀ ਆ ਕੇ ਪੜ੍ਹਾਈ ਕਰ ਰਹੇ ਹਨ।ਜਿੱਥੇ ਵਿਦਿਆਰਥੀ ਘਰਾਂ ਚ ਹੀ ਬਣੇ ਪੀ.ਜੀ ਵਗੈਰਾ ‘ਚ ਰਹਿ ਰਹੇ ਹਨ ਉੱਥੇ ਵਿਦਿਆਰਥੀਆਂ ਦੀ ਵੱਡੇ ਪੱਧਰ ਤੇ ਆਮਦ ਨੂੰ ਲੈ ਕੇ ਨਗਰ ਚ ਖੁੰਭਾ ਵਾਂਗ ਹੋਟਲ ਵੀ ਵਧ ਰਹੇ ਹਨ।
ਉਕਤ ਹੋਟਲਾਂ ਦੀ ਵੈਧਤਾ ਪਰਖਣ ਲਈ ਪਿਛਲੇ ਸਮੇਂ ਤੋਂ ਮੰਗ ਉੱਠਦੀ ਰਹੀ ਹੈ ਪਰ ਹੁਣ ਨਵੇਂ ਜਿਲ੍ਹਾ ਪੁਲਿਸ ਮੁਖੀ ਦੇ ਆਉਣ ਉਪਰੰਤ ਪਹਿਲੀ ਵਾਰ ਹੋਟਲਾਂ ਤੇ ਸਖਤੀ ਹੁੰਦੀ ਦਿਖਾਈ ਦਿੱਤੀ ਜਦੋਂ ਸੀ.ਆਈ.ਏ ਸਟਾਫ 1 ਦੇ ਇੰਚਾਰਜ ਜਸਵਿੰਦਰ ਸਿੰਘ ਅਤੇ 2 ਦੇ ਇੰਚਾਰਜ ਕਰਨਦੀਪ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀਆਂ ਨੇ ਕਈ ਹੋਟਲਾਂ ਚ ਦਬਿਸ਼ ਦਿੱਤੀ।
ਪਤਾ ਲੱਗਾ ਹੈ ਕਿ ਕੁਝ ਹੋਟਲਾਂ ਦਾ ਰਿਕਾਰਡ ਵੀ ਪੁਲਿਸ ਨੇ ਆਪਣੇ ਕਬਜ਼ੇ ਚ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਣਯੋਗ ਐੱਸ.ਐੱਸ.ਪੀ ਸਾਹਿਬ ਦੇ ਹੁਕਮਾਂ ਤੇ ਹੋਟਲਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਕਿਉਂਕਿ ਪੁਲਿਸ ਨੂੰ ਕੁਝ ਥਾਵਾਂ ਤੇ ਅਸਮਾਜਿਕ ਅਤੇ ਅਨੈਤਿਕ ਗਤੀਵਿਧੀਆਂ ਚਲਦੇ ਹੋਣ ਦਾ ਸ਼ੱਕ ਸੀ। ਉਨ੍ਹਾਂ ਨੇ ਕਿਹਾ ਕਿ ਸਾਰੇ ਹੋਟਲਾਂ ਦੇ ਰਿਕਾਰਡ ਅਤੇ ਉਨ੍ਹਾਂ ਦੀ ਵੈਧਤਾ ਦੀ ਜਾਂਚ ਪੜਤਾਲ ਹੋਵੇਗੀ ਅਤੇ ਜੇਕਰ ਕੁਝ ਗਲਤ ਮਿਿਲਆ ਤਾਂ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।