ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਵਪਾਰੀ ਦੇ ਗੁਦਾਮ ਵਿਚ ਕਰੀਬ 26 ਲੱਖ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਟ੍ਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫਤਹਿਗੜ੍ਹ ਸਾਹਿਬ ਦੇ ਐੱਸ. ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਦੇ ਗੁਦਾਮ ਵਿਚ 19 ਜਨਵਰੀ ਦੀ ਦੁਪਹਿਰ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਹੋਈ ਸੀ।
ਜਿਸ ਦੀ ਜਾਂਚ ਦੌਰਾਨ ਪੁਲਿਸ ਵੱਲੋ ਤਿੰਨ ਬੰਦੇ ਰਾਊਂਡ ਅੱਪ ਕੀਤੇ ਸਨ ਜਿਨ੍ਹਾਂ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਚੋਰੀ ਕੀਤੇ ਪੈਸੇ ਬਸੀ ਪਠਾਣਾ ਦੀ ਇਕ ਫੈਕਟਰੀ ਵਿੱਚ ਰੱਖੇ ਹੋਏ ਹਨ। ਜਿਸ ਨੂੰ ਬਰਾਮਦ ਕਰਨ ਲਈ ਪੁਲਿਸ ਗ੍ਰਿਫ਼ਤਾਰ ਕੀਤੇ ਜਸਵੰਤ ਸਿੰਘ ਨੂੰ ਲੈ ਕੇ ਉਸ ਵੱਲੋਂ ਦੱਸੀ ਜਗ੍ਹਾ ‘ਤੇ ਪਹੁੰਚੀ।
ਜਿੱਥੇ ਗੱਡੀ ਵਿੱਚੋਂ ਪੈਸੇ ਕੱਢਣ ਸਮੇਂ ਗੱਡੀ ਵਿਚ ਪਏ ਰਿਵਾਲਵਰ ਨਾਲ ਜਸਵੰਤ ਨੇ ਪੁਲਸ ‘ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀ ਚਲਾਈ ਜਿਸ ਦੌਰਾਨ ਜਸਵੰਤ ਸਿੰਘ ਦੀ ਲੱਤ ‘ਚ ਗੋਲੀ ਲੱਗ ਗਈ। ਜਖ਼ਮੀ ਹਾਲਤ ਵਿਚ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬਸੀ ਬਠਾਣਾ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਹੈ।