ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਰਣਜੀ ਟਰਾਫੀ ਮੈਚ ਵਿੱਚ ਸੈਂਕੜਾ ਲਗਾਇਆ ਹੈ। ਪਿਤਾ ਦੀ ਰਾਹ ‘ਤੇ ਚਲਦੇ ਹੋਏ ਅਰਜੁਨ ਨੇ ਰਣਜੀ ਟਰਾਫੀ ਦੇ ਅਪਣੇ ਡੈਬਿਊ ਮੈਚ ਵਿੱਚ ਹੀ ਇਹ ਕਮਾਲ ਕਰ ਦਿੱਤਾ ਹੈ। ਸਚਿਨ ਤੇਂਦੁਲਕਰ ਨੇ 1988 ਵਿੱਚ ਇਸੇ ਤਰ੍ਹਾਂ ਨਾਲ ਰਣਜੀ ਮੈਚ ‘ਚ ਅਜੇਤੂ 100 ਦੌੜਾਂ ਬਣਾਈਆਂ ਸਨ।
ਸੋਮਵਾਰ ਤੋਂ ਰਾਜਸਥਾਨ ਅਤੇ ਗੋਆ ਵਿਚਾਲੇ ਖੇਡੇ ਜਾ ਰਹੇ ਮੈਚ ‘ਚ ਅਰਜੁਨ ਤੇਂਦੁਲਕਰ 201 ਦੌੜਾਂ ‘ਤੇ 5 ਵਿਕਟਾਂ ਡਿੱਗਣ ਤੋਂ ਬਾਅਦ ਮੈਦਾਨ ‘ਤੇ ਆਏ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ‘ਤੇ 4 ਦੌੜਾਂ ‘ਤੇ ਬੱਲੇਬਾਜ਼ੀ ਕਰਦੇ ਹੋਏ ਅਰਜੁਨ ਤੇਂਦੁਲਕਰ ਨੇ ਦੂਜੇ ਦਿਨ 178 ਗੇਂਦਾਂ ‘ਚ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। ਉਸ ਤੋਂ ਇਲਾਵਾ ਗੋਆ ਲਈ ਸੁਯਸ਼ ਪ੍ਰਭੂਦੇਸਾਈ ਨੇ ਵੀ ਸੈਂਕੜਾ ਲਗਾਇਆ। ਦੋਵਾਂ ਵਿਚਾਲੇ 200 ਤੋਂ ਵੱਧ ਸਾਂਝੇਦਾਰੀਆਂ ਹਨ।
ਬੱਲੇਬਾਜ਼ੀ ਤੋਂ ਬਾਅਦ ਅਰਜੁਨ ਰਾਜਸਥਾਨ ਦੇ ਖਿਲਾਫ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਜੋਂ ਵੀ ਆਪਣੀ ਛਾਪ ਛੱਡਣਾ ਚਾਹੇਗਾ। ਪਿਤਾ ਸਚਿਨ ਤੇਂਦੁਲਕਰ ਨੇ 1988 ‘ਚ ਗੁਜਰਾਤ ਖਿਲਾਫ ਪਹਿਲੀ ਪਾਰੀ ‘ਚ ਅਜੇਤੂ 100 ਦੌੜਾਂ ਬਣਾਈਆਂ। ਅਰਜੁਨ 104 ਦੌੜਾਂ ਬਣਾ ਕੇ ਉਸ ਤੋਂ ਅੱਗੇ ਨਿਕਲ ਗਿਆ। ਸਚਿਨ ਨੂੰ ਦੂਜੀ ਪਾਰੀ ‘ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਤੇ ਉਸ ਨੇ 129 ਗੇਂਦਾਂ ‘ਤੇ ਸੈਂਕੜਾ ਲਗਾਇਆ ਤੇ ਇਸਦੇ ਇਲਾਵਾ ਉਸ ਨੇ 12 ਚੌਕੇ ਲਗਾਏ। ਬੰਬਈ ਅਤੇ ਗੁਜਰਾਤ ਵਿਚਾਲੇ 3 ਦਿਨਾ ਡਰਾਅ ਖੇਡਿਆ ਗਿਆ। ਹੁਣ ਰਣਜੀ ਟਰਾਫੀ ਦਾ ਲੀਗ ਦੌਰ 3 ਦੀ ਬਜਾਏ 4 ਦਿਨ ਖੇਡਿਆ ਜਾ ਰਿਹਾ ਹੈ।