ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ‘ਚ ਇੱਕ ਮਹੀਨੇ ‘ਚ ਆਈ ਵੱਡੀ ਗਿਰਾਵਟ

0
1686

ਦੇਸ਼ ‘ਚ ਜਿੱਥੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਰਾਹਤ ਦੀ ਖਬਰ ਇਹ ਹੈ ਕਿ ਰੋਜ਼ਾਨਾ ਵਰਤੋਂ ”ਚ ਆਉਣ ਵਾਲੇ ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ‘ਚ ਇੱਕ ਮਹੀਨੇ ‘ਚ ਕਾਫੀ ਗਿਰਾਵਟ ਆਈ ਹੈ। ਟਮਾਟਰ (Tomato Price) ਅਤੇ ਪਿਆਜ਼ (Onion Price) ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਇੱਕ ਮਹੀਨੇ ਦੇ ਅੰਦਰ ਟਮਾਟਰ ਦੀਆਂ ਕੀਮਤਾਂ ਵਿੱਚ 29 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਦੋਂ ਕਿ ਪਿਆਜ਼ ਦੇ ਰੇਟ 9 ਪ੍ਰਤੀਸ਼ਤ ਤੱਕ ਡਿੱਗ ਗਏ ਹਨ।

ਖਪਤਕਾਰ ਮੰਤਰਾਲੇ ਨੇ ਕਿਹਾ ਕਿ ਟਮਾਟਰ ਦੀਆਂ ਕੀਮਤਾਂ ‘ਚ ਇਕ ਮਹੀਨੇ ‘ਚ ਇਕ ਤਿਹਾਈ ਦੀ ਗਿਰਾਵਟ ਆਈ ਹੈ, ਜਦਕਿ ਪਿਆਜ਼ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਸਸਤੀਆਂ ਹੋ ਗਈਆਂ ਹਨ। ਮੰਗਲਵਾਰ ਨੂੰ ਦੇਸ਼ ਭਰ ‘ਚ ਟਮਾਟਰ ਦੀ ਔਸਤ ਕੀਮਤ 37.35 ਰੁਪਏ ਪ੍ਰਤੀ ਕਿਲੋ ਰਹੀ, ਜੋ ਇਕ ਮਹੀਨੇ ਪਹਿਲਾਂ 52.5 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੀਮਤਾਂ ‘ਚ ਇਹ ਗਿਰਾਵਟ ਮਾਨਸੂਨ ਦੇ ਮੀਂਹ ਤੋਂ ਬਾਅਦ ਨਵੀਂ ਫਸਲ ਦੀ ਤਿਆਰੀ ਕਾਰਨ ਆਈ ਹੈ।

ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਨੂੰ ਦੇਸ਼ ਭਰ ‘ਚ ਪਿਆਜ਼ ਦੀ ਔਸਤ ਕੀਮਤ 25.78 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 9 ਫੀਸਦੀ ਘੱਟ ਹੈ।

ਮੰਤਰਾਲੇ ਦੇ ਅਨੁਸਾਰ ਇਸ ਵਾਰ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਇੱਕ ਰਿਕਾਰਡ ਬਫਰ ਸਟਾਕ ਬਣਾਇਆ ਗਿਆ ਹੈ। ਇਸ ਸਾਲ ਲਈ ਸਰਕਾਰ ਨੇ 2.50 ਲੱਖ ਟਨ ਪਿਆਜ਼ ਦਾ ਬਫਰ ਸਟਾਕ ਤਿਆਰ ਕੀਤਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਵਾਰ ਪਿਆਜ਼ ਦੀ ਸਰਕਾਰੀ ਖਰੀਦ ਵੀ ਰਿਕਾਰਡ ਪੱਧਰ ‘ਤੇ ਹੋਈ ਕਿਉਂਕਿ ਦੇਸ਼ ‘ਚ ਪਿਆਜ਼ ਦੀ ਬੰਪਰ ਪੈਦਾਵਾਰ ਹੋਈ ਹੈ।

ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ ਇਸ ਸਾਲ ਦੇਸ਼ ਵਿੱਚ ਪਿਆਜ਼ ਦੀ ਬੰਪਰ ਪੈਦਾਵਾਰ ਹੋਈ, ਜੋ ਰਿਕਾਰਡ 317.03 ਲੱਖ ਟਨ ਤੱਕ ਪਹੁੰਚ ਗਈ। ਅਜਿਹੇ ‘ਚ ਮੰਡੀਆਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਕਮੀ ਆਉਣ ਦੀ ਸੰਭਾਵਨਾ ਸੀ, ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੋਣਾ ਸੀ। ਅਜਿਹੇ ‘ਚ ਸਰਕਾਰ ਨੇ ਰਿਕਾਰਡ ਖਰੀਦ ਕੇ ਕਿਸਾਨਾਂ ਨੂੰ ਨੁਕਸਾਨ ਤੋਂ ਵੀ ਬਚਾਇਆ ਅਤੇ ਵੱਡਾ ਬਫਰ ਸਟਾਕ ਵੀ ਬਣਾਇਆ। ਇਸ ਨਾਲ ਆਉਣ ਵਾਲੇ ਸਮੇਂ ‘ਚ ਪਿਆਜ਼ ਦੀਆਂ ਕੀਮਤਾਂ ‘ਤੇ ਕਾਬੂ ਪਾਉਣ ‘ਚ ਮਦਦ ਮਿਲੇਗੀ।

ਪਿਆਜ਼ ਦੇ ਬਫਰ ਸਟਾਕ ਦੀ ਅਗਸਤ ਤੋਂ ਦਸੰਬਰ ਤੱਕ ਸਭ ਤੋਂ ਵੱਧ ਲੋੜ ਹੁੰਦੀ ਹੈ, ਜਦੋਂ ਕੋਈ ਫ਼ਸਲ ਤਿਆਰ ਨਹੀਂ ਹੁੰਦੀ। ਰਾਜਾਂ ਦੀ ਮੰਗ ਅਨੁਸਾਰ ਕੇਂਦਰੀ ਏਜੰਸੀਆਂ ਬਫਰ ਸਟਾਕ ਤੋਂ ਪਿਆਜ਼ ਅਲਾਟ ਕਰਦੀਆਂ ਹਨ। ਇਹ ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਦੇ ਨਾਲ ਹੀ ਖਪਤਕਾਰਾਂ ਨੂੰ ਮਹਿੰਗਾਈ ਤੋਂ ਵੀ ਰਾਹਤ ਮਿਲਦੀ ਹੈ। ਪਿਛਲੇ ਕੁਝ ਸਾਲਾਂ ‘ਚ ਇਹ ਦੇਖਿਆ ਗਿਆ ਹੈ ਕਿ ਬਫਰ ਸਟਾਕ ‘ਚ ਪਿਆਜ਼ ਦੀ ਕਮੀ ਕਾਰਨ ਪ੍ਰਚੂਨ ਬਾਜ਼ਾਰ ‘ਚ ਇਸ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੋ ਗਈ ਹੈ।

LEAVE A REPLY

Please enter your comment!
Please enter your name here