ਉੱਤਰ ਪ੍ਰਦੇਸ਼ ‘ਚ ਇੱਕ ਪਤਨੀ ਵਲੋਂ ਆਪਣੇ ਪਤੀ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਮਹਿਲਾ ਨੇ ਪਹਿਲਾਂ ਡੰਡੇ ਨਾਲ ਪਤੀ ਨੂੰ ਕੁੱਟਿਆ ਫਿਰ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਤੇ ਉਸ ਨਾਲ ਮਾਰਕੁੱਟ ਕਰਦਾ ਸੀ। ਰੋਜ਼-ਰੋਜ਼ ਦੀ ਬੇਇਜ਼ਤੀ ਤੋਂ ਤੰਗ ਆ ਕੇ ਉਸ ਨੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਮ੍ਰਿਤਕ ਦੀ ਪਤਨੀ ਅਨੂ ਬਿਊਟੀ ਪਾਰਲਰ ਚਲਾ ਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ।
ਘਟਨਾ ਬਛਰਾਵਾਂ ਥਾਣਾ ਅਧੀਨ ਪੈਂਦੇ ਸੇਹਗੋਂ ਪੱਛਮੀ ਪਿੰਡ ਦੀ ਹੈ। 15 ਦਸੰਬਰ ਨੂੰ ਅਤੁਲ ਦੇਰ ਰਾਤ ਸ਼ਰਾਬ ਪੀ ਕੇ ਆਇਆ ਤੇ ਪਤਨੀ ਨੂੰ ਕੁੱਟਣ ਲੱਗਾ। ਇਸੇ ਵਿਚ ਅਨੂ ਨੇ ਮੌਕਾ ਪਾ ਕੇ ਡੰਡਾ ਚੁੱਕਿਆ ਤੇ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਿਆ ਫਿਰ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਖਬਰ ਹੈ ਕਿ ਕਤਲ ਦੇ ਬਾਅਦ ਮਹਿਲਾ ਪਤੀ ਦੀ ਲਾਸ਼ ਨਾਲ ਆਰਾਮ ਨਾਲ ਸੌਂ ਗਈ। ਸਵੇਰੇ ਉਠ ਕੇ ਬੱਚਿਆਂ ਨੂੰ ਕਿਹਾ ਕਿ ਪਾਪਾ ਨੂੰ ਜਗਾਉਣਾ ਨਾ, ਨਹੀਂ ਤਾਂ ਉਹ ਉਠ ਕੇ ਮਾਰਨਗੇ ਤੇ ਉਹ ਆਪਣੇ ਬਿਊਟੀ ਪਾਰਲਰ ਚਲੀ ਗਈ। ਦਿਨ ਭਰ ਬਿਊਟੀ ਪਾਰਲਰ ‘ਤੇ ਕੰਮ ਕੀਤਾ। ਸ਼ਾਮ ਨੂੰ ਵਾਪਸ ਆ ਕੇ ਹੱਥ-ਮੂੰਹ ਧੋ ਕੇ ਖਾਣਾ ਖਾਧਾ। ਬੱਚਿਆਂ ਨੂੰ ਖੁਆ ਕੇ ਉਨ੍ਹਾਂ ਨੂੰ ਸੁਆ ਦਿੱਤਾ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਬਿਤਾਈ ਰਾਤ
ਰਾਤ ਨੂੰ ਜਦੋਂ ਬੱਚੇ ਸੌਂ ਗਏ ਤੇ ਮੁਹੱਲੇ ਵਿਚ ਸੰਨਾਟਾ ਛਾ ਗਿਆ ਤਾਂ ਉਸ ਨੇ ਲਾਸ਼ ਨੂੰ ਇਕੱਲੇ ਹੀ ਖਿੱਚਿਆ ਤੇ ਗੇਟ ‘ਤੇ ਸੁੱਟ ਕੇ ਸੌਂ ਗਈ। ਸਵੇਰੇ ਜਦੋਂ ਸ਼ੋਰ ਹੋਇਆ ਤਾਂ ਤਾਂ ਕਿਹਾ ਕਿ ਰਾਤ ਵਿਚ ਸ਼ਰਾਬ ਪੀ ਕੇ ਆਏ ਤੇ ਡਿੱਗ ਕੇ ਮਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਪੋਸਟਮਾਰਟਮ ਲਈ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪੁਲਿਸ ਨੇ ਆਸ-ਪਾਸ ਦੇ ਲੋਕਾਂ ਦੇ ਬਿਆਨ ਦਰਜ ਕੀਤੇ ਪਰ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਵਿਚ ਪੁਲਿਸ ਨੂੰ ਸ਼ੱਕ ਹੋਇਆ। ਸ਼ੱਕ ਦੇ ਆਧਾਰ ‘ਤੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਪਤੀ ਦੇ ਕਤਲ ਦੇ ਦੋਸ਼ ਵਿਚ ਅਨੂ ਨੂੰ ਗ੍ਰਿਫਤਾਰ ਕਰ ਲਿਆ।