ਪਟਨਾ ਹਵਾਈ ਅੱਡੇ ‘ਤੇ ਅੱਜ ਸਪਾਈਸਜੈੱਟ ਦੇ ਜਹਾਜ਼ ਦੇ ਇੰਜਣ ਨੂੰ ਉਡਾਣ ਭਰਨ ਤੋਂ ਬਾਅਦ ਅੱਗ ਲੱਗ ਗਈ। ਫਲਾਈਟ ਨੇ ਸਵੇਰੇ 11.55 ‘ਤੇ ਪਟਨਾ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਟੇਕ ਆਫ ਦੇ ਕੁਝ ਦੇਰ ਬਾਅਦ ਹੀ ਇੰਜਣ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਹਾਜ਼ ਸੁਰੱਖਿਅਤ ਉਤਾਰ ਲਿਆ ਗਿਆ ਹੈ। ਫਲਾਈਟ ‘ਚ 185 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੌਕੇ ‘ਤੇ ਐਂਬੂਲੈਂਸ ਪਹੁੰਚ ਗਈ ਹੈ।। ਇਹ ਤਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇੰਜਣ ਨੂੰ ਅੱਗ ਕਿਸ ਕਾਰਨ ਲੱਗੀ।
ਪਾਇਲਟ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਜਾ ਰਹੀ ਸਪਾਈਸਜੈੱਟ ਦੀ ਉਡਾਣ ਨੂੰ ਇੰਜਣ ਫੇਲ ਹੋਣ ਤੋਂ ਬਾਅਦ ਪਟਨਾ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਪਟਨਾ ਦੇ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਇੱਕ ਫਲਾਈਟ ਦਿੱਲੀ ਜਾ ਰਹੀ ਸੀ। ਉਡਾਣ ਭਰਨ ‘ਤੇ ਏਅਰਪੋਰਟ ਅਥਾਰਟੀ ਨੇ ਦੇਖਿਆ ਕਿ ਉਸ ਦੇ ਇਕ ਖੰਭ ‘ਚ ਅੱਗ ਲੱਗੀ ਹੋਈ ਸੀ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸਫਲ ਰਹੀ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ।