ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਇਕ 20 ਸਾਲਾ ਨੌਜਵਾਨ ਨੂੰ ਆਪਣੇ ਪਿਤਾ ਤੋਂ ਪੈਸੇ ਵਸੂਲਣ ਲਈ ਆਪਣੇ ਹੀ ਅਗਵਾ ਦਾ ਨਾਟਕ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਵਾਲਿਵ ਪੁਲਿਸ ਨੂੰ ਵਸਈ ਦੇ ਫਾਦਰਵਾੜੀ ਇਲਾਕੇ ਦੇ ਇਕ ਨਿਵਾਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ 7 ਦਸੰਬਰ ਨੂੰ ਘਰੋਂ ਨਿਕਲਿਆ ਸੀ ਪਰ ਵਾਪਸ ਘਰ ਨਹੀਂ ਆਇਆ।
ਪੁਲਿਸ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਸ਼ਿਕਾਇਤਕਰਤਾ ਨੂੰ ਉਸ ਦੇ ਬੇਟੇ ਦਾ ਫ਼ੋਨ ਆਇਆ ਕਿ ਤਿੰਨ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਹੈ ਅਤੇ ਉਹ 30,000 ਰੁਪਏ ਦੀ ਫਿਰੌਤੀ ਮੰਗ ਕਰ ਰਹੇ ਹਨ ਅਤੇ ਫਿਰੌਤੀ ਨਾ ਮਿਲਣ ’ਤੇ ਉਹ ਉਸ ਨੂੰ ਮਾਰ ਦੇਣਗੇ।
ਇਸ ਤੋਂ ਬਾਅਦ ਵਸਈ, ਵਿਰਾਰ, ਨਾਲਾਸੋਪਾਰਾ ਅਤੇ ਹੋਰ ਥਾਵਾਂ ’ਤੇ ਨੌਜਵਾਨ ਦੀ ਤਲਾਸ਼ ਕੀਤੀ ਗਈ। ਕੁਝ ਸੁਰਾਗ ਮਿਲਣ ਤੋਂ ਬਾਅਦ ਨੌਜਵਾਨ ਦੇ ਵਸਈ ਫਾਟਾ ’ਚ ਹੋਣ ਦਾ ਸ਼ਨੀਵਾਰ ਨੂੰ ਪਤਾ ਲੱਗਾ। ਜਦੋਂ ਪੁਲਿਸ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਪਿਤਾ ਤੋਂ ਪੈਸੇ ਲੈਣਾ ਚਾਹੁੰਦਾ ਸੀ ਪਰ ਪਿਤਾ ਨੇ ਇਨਕਾਰ ਕਰ ਦਿੱਤਾ ਸੀ। ਇਸ ਲਈ ਉਸ ਨੇ ਆਪਣੇ ਪਿਤਾ ਤੋਂ ਪੈਸੇ ਵਸੂਲਣ ਲਈ ਆਪਣੇ ਅਗਵਾ ਦੀ ਕਹਾਣੀ ਬਣਾਈ।