ਬਿਹਾਰ ’ਚ ਸਿਆਸੀ ਸਰਗਰਮੀਆਂ ਤੇਜ਼ ਹੋਣ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਨੈਸ਼ਨਲ ਡੈਮੋਕ੍ਰਿਟਕ ਅਲਾਇੰਸ (ਐੱਨ.ਡੀ.ਏ.) ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਤੀਸ਼ ਆਪਣੀ ਪਾਰਟੀ ਜਨਤਾ ਦਲ (ਯੂ) ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ ਤੋਂ ਵੱਖ ਹੋਣ ਦਾ ਫੈਸਲਾ ਲੈਣ ਤੋਂ ਬਾਅਦ ਰਾਜਪਾਲ ਨੂੰ ਮਿਲਣ ਪਹੁੰਚੇ। ਨਿਤੀਸ਼ ਕੁਮਾਰ ਕਾਫਲੇ ਵਿਚ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ ਅਤੇ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਦਾ ਸਵਾਗਤ ਕੀਤਾ, ਜੋ ਆਪਣੇ ਨੇਤਾ ਦੀ ਇਕ ਝਲਕ ਦੇਖਣ ਲਈ ਬਾਹਰ ਉਡੀਕ ਕਰ ਰਹੇ ਸਨ। ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਦੇ ਕਾਰਕੁਨ ਵੀ ਜਨਤਾ ਦਲ (ਯੂ) ਦੇ ਵਰਕਰਾਂ ਦੇ ਨਾਲ ‘ਨਿਤੀਸ਼ ਕੁਮਾਰ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਦੇਖੇ ਗਏ।
ਅਸਤੀਫ਼ਾ ਦੇਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਤੀਸ਼ ਨੇ ਕਿਹਾ ਹੈ ਕਿ ਉਨ੍ਹਾਂ ਨੇ NDA ਸਰਕਾਰ ’ਚ ਮਿਲੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੂੰ ਭਾਜਪਾ ਨਾਲ ਇਕ ਨਹੀਂ ਕਈ ਦਿੱਕਤਾਂ ਸਨ। ਉਨ੍ਹਾਂ ਦੇ ਨੇਤਾ ਬਾਅਦ ’ਚ ਵਿਸਥਾਰ ਨਾਲ ਸਭ ਕੁਝ ਦੱਸ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ 160 ਵਿਧਾਇਕਾਂ ਦਾ ਸਮਰਥਨ ਹੈ। ਨਿਤੀਸ਼ ਨੇ ਇਹ ਵੀ ਕਿਹਾ ਕਿ ਸਾਰੇ ਲੋਕਾਂ ਦੀ ਇੱਛਾ ਸੀ ਕਿ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਇਹ ਫ਼ੈਸਲਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਸਹਿਮਤੀ ਮਗਰੋਂ ਲਿਆ ਗਿਆ।









