ਨਿਊਜ਼ੀਲੈਂਡ ‘ਚ 18-19 ਸਾਲਾਂ ਤੋਂ ਰਹਿ ਰਹੇ 30 ਸਾਲਾ ਪੰਜਾਬੀ ਨੌਜਵਾਨ ਕੁਲਬੀਰ ਸਿੰਘ ਸਿੱਧੂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਸਿੱਧੂ ਦੀ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਗੁਰਦਾਸਪੁਰ ਦੇ ਪਿੰਡ ਪੁਰਾਣਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਕੁਲਬੀਰ ਸਿੰਘ ਸਿੱਧੂ ਇਕ ਕੰਪਨੀ ਦੇ ਵਿਚ ਟਰੱਕ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਵਾਹਨ ‘ਤੇ ਨੌਜਵਾਨ ਜਾ ਰਿਹਾ ਸੀ ਉਹ ਬੁਰੀ ਤਰ੍ਹਾਂ ਸੜ ਗਿਆ, ਜਿਸ ਵਿੱਚ ਕੁਲਬੀਰ ਸਿੰਘ ਦੀ ਵੀ ਮੌਤ ਹੋ ਗਈ।
ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਸਿੰਘ ਸਿੱਧੂ ਆਪਣੀ ਪਤਨੀ ਦੇ ਬੱਚਿਆਂ ਨਾਲ ਕ੍ਰਿਸਮਿਸ ਛੁੱਟੀਆਂ ਮਨਾਉਣ ਨਿਊਪਲਾਈਮੱਥ ਵਿਖੇ ਗਿਆ ਸੀ। ਇਥੋਂ ਹੋਟਲ ਤੋਂ ਸ਼ਾਮ ਨੂੰ ਬੱਚਿਆਂ ਦੇ ਕਹਿਣ *ਤੇ ਉਹ ਮੈਨੁਰੋਵਾ (ਆਕਲੈਂਡ) ਨੂੰ ਚੱਲ ਪਏ। ਇਸ ਦੌਰਾਨ ਹੈਮਿਲਟਨ ਪੁੱਜਣ ‘ਤੇ ਕੁਲਬੀਰ ਨੂੰ ਯਾਦ ਆਇਆ ਕਿ ਉਸਦਾ ਮੋਬਾਈਲ ਹੋਟਲ ਵਿੱਚ ਰਹਿ ਗਿਆ ਹੈ। ਉਸ ਨੇ ਬੱਚਿਆਂ ਅਤੇ ਪਤਨੀ ਨੂੰ ਮੈਨੁਰੋਵਾ ਭੇਜ ਦਿੱਤਾ ਅਤੇ ਖੁਦ ਮੋਬਾਈਲ ਵਾਪਸ ਲੈ ਕੇ ਅਗਲੇ ਦਿਨ ਆਉਣ ਬਾਰੇ ਕਿਹਾ, ਪਰੰਤੂ ਰਸਤੇ ਵਿੱਚ ਉਸਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਕੁਲਬੀਰ ਦੀ ਪਤਨੀ ਪ੍ਰੀਤ ਕੌਰ ਸਿੱਧੂ ਵੀ ਇਸ ਵੇਲੇ ਗਹਿਰੇ ਸਦਮੇ ਵਿਚ ਹੈ। ਦੋ ਬੱਚੀਆਂ 6 ਅਤੇ 4 ਸਾਲ ਦੀਆਂ ਹਨ, ਜਿਨ੍ਹਾਂ ਦਾ ਆਪਣੇ ਪਿਤਾ ਨਾਲ ਬਹੁਤ ਛੋਟੀ ਉਮਰੇ ਵਿਛੋੜਾ ਪੈ ਗਿਆ। ਇਸ ਘਟਨਾ ਨੂੰ ਲੈ ਕੇ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।