ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸ਼ੁੱਕਰਵਾਰ ਨੂੰ ਚੋਣ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ ਹੈ। 67 ਸਾਲਾ ਆਬੇ ਨੂੰ ਪੱਛਮੀ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਭਾਸ਼ਣ ਸ਼ੁਰੂ ਕਰਨ ਤੋਂ ਕੁਝ ਮਿੰਟ ਬਾਅਦ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦਾ ਸਾਹ ਨਹੀਂ ਚੱਲ ਰਿਹਾ ਸੀ ਅਤੇ ਉਨ੍ਹਾਂ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ। ਹਸਪਤਾਲ ‘ਚ ਬਾਅਦ ‘ਚ ਉਨ੍ਹਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਆਬੇ 2020 ਵਿੱਚ ਸਿਹਤ ਸਮੱਸਿਆਵਾਂ ਕਾਰਨ ਅਸਤੀਫ਼ਾ ਦੇਣ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ‘ਚੋਂ ਇਕ ਮੰਨੇ ਜਾਂਦੇ ਜਾਪਾਨ ‘ਚ ਇਸ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਬੇ ‘ਤੇ ਹੋਏ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਆਬੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਸ ਦੌਰਾਨ ਅਚਾਨਕ ਇਕ ਹਮਲਾਵਰ ਉਨ੍ਹਾਂ ‘ਤੇ 2 ਗੋਲੀ ਚਲਾ ਦਿੰਦਾ ਹੈ।