ਦੱਖਣੀ ਕੋਰੀਆ ਦੀ ਰਾਜਧਾਨੀ ਖੇਤਰ ‘ਚ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨ- ਜੀਵਨ ਅਸਤ –ਵਿਅਸਤ ਹੋ ਗਿਆ ਹੈ। ਸਿੳਲ ਦੇ ਗੰਗਨਮ ਜ਼ਿਲ੍ਹੇ ਦੀਆਂ ਸੜਕਾਂ ਨਦੀਆਂ ਦੀ ਤਰ੍ਹਾਂ ਦਿਖਣ ਲੱਗ ਪਈਆਂ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਲਾਪਤਾ ਹਨ। ਰਾਜਧਾਨੀ ‘ਚ ਸੋਮਵਾਰ ਤੋਂ ਸ਼ੁਰੂ ਹੋਇਆ ਮੀਂਹ ਮੰਗਲਵਾਰ ਨੂੰ ਵੀ ਉਸੇ ਤਰ੍ਹਾਂ ਜਾਰੀ ਰਿਹਾ।ਇਸ ਕਾਰਨ ਲਗਭਗ 800 ਦੇ ਕਰੀਬ ਘਰ ਨੁਕਸਾਨੇ ਗਏ ਹਨ।
ਇਸਦੇ ਨਾਲ ਹੀ 400 ਤੋਂ ਵੱਧ ਲੋਕਾਂ ਨੂੰ ਆਪਣਾ ਘਰ ਖਾਲੀ ਕਰਨਾ ਪੈ ਗਿਆ ਹੈ। ਇਸ ਭਾਰੀ ਬਾਰਿਸ਼ ਕਾਰਨ 80 ਦੇ ਕਰੀਬ ਸੜਕਾਂ ਤੇ ਨਦੀਆਂ ਦੇ ਕੰਢਿਆਂ ਨਜ਼ਦੀਕ ਪਾਰਕਿੰਗ ਨੂੰ ਖਾਲੀ ਕਰਵਾਉਣਾ ਪਿਆ ਹੈ। ਕਈ ਜ਼ਿਲ੍ਹਿਆਂ ‘ਚ ਆਵਾਜਾਈ ਠੱਪ ਹੋ ਗਈ ਹੈ। ਰਾਸ਼ਟਰਪਤੀ ਨੇ ਖਤਰੇ ਵਾਲੇ ਖੇਤਰ ‘ਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਹਨ। ਡੌਂਗਜ਼ਾਕ ਜਿਲ੍ਹੇ ‘ਚ ਮੰਗਲਵਾਰ ਸਵੇਰੇ 9 ਵਜੇ ਤੱਕ 42 ਸੈਂਟੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ।