ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੱਸ ਦੇਈਏ ਕਿ ਦਿੱਲੀ ਹਾਈਕੋਰਟ ‘ਚ ਇਸਦੀ ਸੁਣਵਾਈ ਚੱਲ ਰਹੀ ਹੈ। ਦਿੱਲੀ ਹਾਈਕੋਰਟ ਨੇ ਅਮਿਤਾਭ ਬੱਚਨ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਇਜ਼ਾਜਤ ਤੋਂ ਬਿਨਾਂ ਕੋਈ ਵੀ ਉਨ੍ਹਾਂ ਦੀ ਆਵਾਜ਼, ਤਸਵੀਰ ਤੇ ਨਾਮ ਦੀ ਵਰਤੋਂ ਨਹੀਂ ਕਰ ਸਕੇਗਾ।
ਦਰਅਸਲ ਹੁਣ ਇਜਾਜ਼ਤ ਤੋਂ ਬਿਨਾਂ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੀ ਆਵਾਜ਼, ਨਾਮ ਅਤੇ ਚਿਹਰੇ ਨਾਲ ਸਬੰਧਤ ਕਿਸੇ ਵੀ ਬੌਧਿਕ ਜਾਇਦਾਦ ਦੀ ਵਰਤੋਂ ਕੋਈ ਨਹੀਂ ਕਰ ਸਕੇਗਾ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਦੂਰਸੰਚਾਰ ਮੰਤਰਾਲੇ ਸਮੇਤ ਸਬੰਧਤ ਵਿਭਾਗਾਂ ਨੂੰ ਅਮਿਤਾਭ ਬੱਚਨ ਨਾਲ ਜੁੜੀ ਸਮੱਗਰੀ ਨੂੰ ਹਟਾਉਣ ਲਈ ਕਿਹਾ, ਜੋ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤੀ ਜਾ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਜਸਟਿਸ ਨਵੀਨ ਚਾਵਲਾ ਦੀ ਬੈਂਚ ਨੇ ਅਮਿਤਾਭ ਬੱਚਨ ਦੇ ਸ਼ਖਸੀਅਤ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਅਨੁਸਾਰ ਅਮਿਤਾਭ ਬੱਚਨ ਦੇਸ਼ ਦੇ ਸਭ ਤੋਂ ਮਸ਼ਹੂਰ ਵਿਅਕਤੀਆਂ ਵਿੱਚੋਂ ਇੱਕ ਹਨ ਅਤੇ ਵੱਖ-ਵੱਖ ਇਸ਼ਤਿਹਾਰਾਂ ਵਿੱਚ ਉਨ੍ਹਾਂ ਦੇ ਨਾਮ ਅਤੇ ਚਿਹਰੇ ਦੀ ਵਰਤੋਂ ਹੁੰਦੀ ਰਹਿੰਦੀ ਹੈ। ਕਈ ਵਾਰ ਉਨ੍ਹਾਂ ਦੀ ਆਵਾਜ਼, ਚਿਹਰੇ ਦੀ ਵਰਤੋਂ ਲੋਕ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਸਾਮਾਨ ਅਤੇ ਕਾਰੋਬਾਰ ਨੂੰ ਪ੍ਰਮੋਟ ਕਰਨ ਲਈ ਕਰਦੇ ਹਨ, ਜਿਸ ਕਾਰਨ ਬਿੱਗ ਬੀ ਪਰੇਸ਼ਾਨ ਹਨ। ਅਜਿਹੇ ‘ਚ ਉਨ੍ਹਾਂ ਨੇ ਅਦਾਲਤ ਦੇ ਸਾਹਮਣੇ ਆਪਣੀ ਸਮੱਸਿਆ ਰੱਖੀ।