ਦਿੱਲੀ ਦੇ ਪੀਤਮਪੁਰਾ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਇਮਾਰਤ ਦੀ ਪਹਿਲੀ ਮੰਜ਼ਿਲ ‘ਚ ਵੀਰਵਾਰ ਰਾਤ ਕਰੀਬ 8 ਵਜੇ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।
ਕਾਫੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ ‘ਤੇ ਕਾਬੂ ਪਾਇਆ ਅਤੇ 6 ਲੋਕਾਂ ਨੂੰ ਬਾਹਰ ਕੱਢਿਆ ਪਰ ਹਸਪਤਾਲ ‘ਚ ਸਾਰਿਆਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡੀਸੀਪੀ ਜਤਿੰਦਰ ਮੀਨਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਸੰਭਾਵਨਾ ਹੈ ਕਿ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਹੈ।
ਮਰਨ ਵਾਲਿਆਂ ਵਿੱਚ ਵੱਖ-ਵੱਖ ਪਰਿਵਾਰਾਂ ਦੀਆਂ 4 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਉਮਰ 25 ਸਾਲ ਤੋਂ ਉੱਪਰ ਸੀ ਅਤੇ ਕਿਰਾਏ ‘ਤੇ ਮਕਾਨ ‘ਚ ਰਹਿ ਰਹੇ ਸਨ। ਅੱਗ ਪਹਿਲੀ ਮੰਜ਼ਿਲ ‘ਤੇ ਲੱਗੀ ਅਤੇ ਇਸ ਦਾ ਧੂੰਆਂ ਤੀਜੀ ਮੰਜ਼ਿਲ ਤੱਕ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਇਮਾਰਤ ਸਟੀਲ ਕਾਰੋਬਾਰੀ ਸੁਭਾਸ਼ ਗੁਪਤਾ ਦੇ ਨਾਂ ‘ਤੇ ਹੈ ਅਤੇ ਘਟਨਾ ਦੇ ਸਮੇਂ ਉਹ ਉਥੇ ਮੌਜੂਦ ਨਹੀਂ ਸੀ।