ਦਿੱਲੀ ‘ਚ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਗੋਕੁਲਪੁਰੀ ਮੈਟਰੋ ਸਟੇਸ਼ਨ ‘ਤੇ ਅੱਜ ਸਵੇਰੇ ਉਸ ਸਮੇ ਭਜਦੜ ਮਚ ਗਈ ਜਦੋਂ ਮੈਟਰੋ ਪਲੇਟਫਾਰਮ ‘ਤੇ ਬਣੀ ਚਾਰਦੀਵਾਰੀ ਦਾ ਇੱਕ ਹਿੱਸਾ ਮੁੱਖ ਸੜਕ ‘ਤੇ ਡਿੱਗ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ 11 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਦੀ ਸੁਰੱਖਿਆ ਲਈ ਬਣਾਈ ਗਈ ਚਾਰਦੀਵਾਰੀ ਦਾ ਇੱਕ ਹਿੱਸਾ ਸੜਕ’ਤੇ ਡਿੱਗ ਗਿਆ।ਜਿਸ ਨਾਲ ਕਈ ਲੋਕ ਇਸ ਹਾਦਸੇ ‘ਚ ਜ਼ਖਮੀ ਹੋ ਗਏ।
ਇਸ ਹਾਦਸੇ ਕਾਰਨ ਹੇਠਾਂ ਤੋਂ ਲੰਘ ਰਹੇ ਤਿੰਨ ਤੋਂ ਚਾਰ ਵਿਅਕਤੀ ਮਲਬੇ ਦੇ ਹੇਠਾਂ ਆ ਗਏ।ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਮਲਬੇ ਹੇਠ ਦੱਬ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਕੁੱਝ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਉਥੇ ਮੌਜੂਦ ਕੁੱਝ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਵਿਅਕਤੀ ਨੂੰ ਬਾਹਰ ਕੱਢਿਆ। ਘਟਨਾ ਵੇਲੇ ਉਹ ਵਿਅਕਤੀ ਸਕੂਟਰ ‘ਤੇ ਉੱਥੋਂ ਲੰਘ ਰਿਹਾ ਸੀ। ਉਸ ਨੂੰ ਤੁਰੰਤ ਜੀਟੀਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਜ਼ਖਮੀ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
ਸੜਕ ਤੋਂ ਜੇਸੀਬੀ ਤੇ ਕਰੇਨ ਦੀ ਮਦਦ ਨਾਲ ਮਲਬਾ ਹਟਾਇਆ ਗਿਆ ਹੈ। ਸਥਾਨਕ ਪੁਲਿਸ ਤੇ ਮੈਟਰੋ ਸਟਾਫ ਮੌਕੇ ‘ਤੇ ਮੌਜੂਦ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਜਾਂਚ ਵੀ ਕੀਤੀ ਜਾ ਰਹੀ ਹੈ।









