ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਸ਼ੁੱਕਰਵਾਰ ਨੂੰ ਸੀਨੀਅਰ ਨੇਤਾ ਦਿਨੇਸ਼ ਗੁਣਾਵਰਧਨੇ ਨੂੰ ਸ਼੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਪਹਿਲੀ ਨਿਯੁਕਤੀ ਕੀਤੀ। 73 ਸਾਲਾ ਗੁਣਾਵਰਧਨੇ ਨੂੰ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਕਾਰਜਕਾਲ ਦੌਰਾਨ ਅਪ੍ਰੈਲ ਵਿੱਚ ਗ੍ਰਹਿ ਮੰਤਰੀ ਬਣਾਇਆ ਗਿਆ ਸੀ। ਉਹ ਵਿਦੇਸ਼ ਮੰਤਰੀ ਅਤੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ।
ਵਿਕਰਮਸਿੰਘੇ (73) ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ। ਛੇ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਕਰਮਸਿੰਘੇ ਨੇ ਵੀਰਵਾਰ ਨੂੰ ਦੇਸ਼ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ 1979 ਵਿੱਚ ਨੀਦਰਲੈਂਡ ਤੋਂ ਪਰਤਣ ਤੋਂ ਬਾਅਦ ਦਿਨੇਸ਼ ਗੁਣਾਵਰਧਨੇ ਨੇ ਆਪਣੇ ਪਿਤਾ ਫਿਲਿਪ ਗੁਣਾਵਰਧਨੇ ਦੀ ਜਗ੍ਹਾ ਪਾਰਟੀ ਦੀ ਅਗਵਾਈ ਕੀਤੀ। ਉਸਦੇ ਪਿਤਾ 1948 ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਦੌਰ ਵਿੱਚ ਖੱਬੇ ਸਮਾਜਵਾਦੀ ਅੰਦੋਲਨ ਦਾ ਇੱਕ ਪ੍ਰਮੁੱਖ ਚਿਹਰਾ ਸਨ। MEP 1956 ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣ ਗਿਆ।
ਗੁਣਾਵਰਧਨੇ ਕੋਲੰਬੋ ਦੇ ਉਪਨਗਰ ਮਹਾਰਾਗਾਮਾ ਤੋਂ ਜਿੱਤ ਕੇ 1983 ਵਿੱਚ ਸੰਸਦ ਵਿੱਚ ਦਾਖਲ ਹੋਏ ਅਤੇ 1994 ਤੱਕ ਇੱਕ ਪ੍ਰਮੁੱਖ ਵਿਰੋਧੀ ਨੇਤਾ ਵਜੋਂ ਸੇਵਾ ਕੀਤੀ। ਗੁਣਾਵਰਧਨੇ 2000 ਵਿੱਚ ਪਹਿਲੀ ਵਾਰ ਮੰਤਰੀ ਮੰਡਲ ਦਾ ਹਿੱਸਾ ਬਣੇ ਸਨ। ਉਹ 2015 ਤੱਕ ਮੰਤਰੀ ਮੰਡਲ ਵਿੱਚ ਸੀਨੀਅਰ ਅਹੁਦਿਆਂ ‘ਤੇ ਰਹੇ।