ਖੰਨਾ ‘ਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕੀ ਪਿੰਡ ਲੋਪੋਂ ਵਿਖੇ ਇੱਕ ਸਕੂਲ ਵੈਨ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਮੋਟਰਸਾਈਕਲ ‘ਤੇ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਤੇ ਇੱਕ ਬੱਚੇ ਦੀ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦਸੇ ‘ਚ ਮੋਟਰਸਾਈਕਲ ਚਾਲਕ, ਜੋਕਿ ਮ੍ਰਿਤਕ ਬੱਚੇ ਦਾ ਮਾਮਾ ਸੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਦੇ ਪਿੱਛੇ ਬੈਠੀ ਬੱਚੇ ਦੀ ਮਾਂ ਦੇ ਵੀ ਸੱਟਾਂ ਵੱਜੀਆਂ ਪਰ ਉਸ ਦੀ ਹਾਲਤ ਠੀਕ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖੰਨਾ ਨਿਵਾਸੀ ਤਰਨਜੀਤ ਕੌਰ ਆਪਣੇ 5 ਸਾਲ ਦੇ ਬੱਚੇ ਯਸ਼ਰਾਜ ਸਿੰਘ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਪਿੰਡ ਲੋਪੋਂ (ਸਮਰਾਲਾ) ਵਿਖੇ ਰਹਿਣ ਲਈ ਆਈ ਹੋਈ ਸੀ।
ਅੱਜ ਸਵੇਰੇ ਤਰਨਜੀਤ ਕੌਰ ਦਾ ਭਰਾ ਇੰਦਰਜੀਤ ਸਿੰਘ ਆਪਣੀ ਭੈਣ ਅਤੇ ਭਾਣਜੇ ਨੂੰ ਮੋਟਰਸਾਈਕਲ ’ਤੇ ਛੱਡਣ ਲਈ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਲੋਪੋਂ ਤੋਂ ਬਾਹਰ ਨਿਕਲਦੇ ਹੀ ਸਾਹਮਣੇ ਤੋਂ ਆ ਰਹੀ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਕਿ ਇਸ ਘਟਨਾ ’ਚ ਮਾਸੂਮ ਬੱਚੇ ਯਸ਼ਰਾਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਦੁਰਘਟਨਾ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਥਾਣਾ ਮੁਖੀ ਸਮਰਾਲਾ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦਰਜ ਕਰ ਲਏ ਹਨ ’ਤੇ ਫਰਾਰ ਹੋਏ ਸਕੂਲ ਵੈਨ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।









