ਤਰਨਤਾਰਨ RPG ਅਟੈਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਗੋਇੰਦਵਾਲ ਜੇਲ੍ਹ ‘ਚ ਬੰਦ ਹਵਾਲਾਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਹਾਲੀ ਥਾਣੇ ਦੇ SHO ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਗ੍ਰੇਨੇਡ ਦੇ ਇੱਕ ਹਿੱਸਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਰੇਤ ਦੀਆਂ ਬੋਰੀਆਂ ਰੱਖ ਕੇ ਗ੍ਰੇਨੇਡ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਬੰਬ ਡਿਸਪੋਜ਼ਲ ਟੀਮ ਬੰਬ ਨੂੰ ਨਸ਼ਟ ਕਰਨ ਜਾ ਰਹੀ ਹੈ।
NIA ਨੇ ਜਾਂਚ ਤੇਜ਼ ਕਰ ਦਿੱਤੀ ਹੈ। ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਸਰਹਾਲੀ ਵਿਖੇ ਬੀਤੇ ਸ਼ੁੱਕਰਵਾਰ ਦੇਰ ਰਾਤ ਆਰ. ਪੀ. ਜੀ. ਅਟੈਕ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਕੈਮਰਿਆਂ ਦੀ ਮਦਦ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਵਿਸ਼ੇਸ਼ ਟੀਮ ਵੱਲੋਂ ਥਾਣੇ ਦਾ ਦੌਰਾ ਕਰਦੇ ਹੋਏ ਸਬੂਤ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਬੀਤੇ ਸ਼ੁੱਕਰਵਾਰ ਰਾਤ ਕਰੀਬ 11 ਵਜੇ ਨੈਸ਼ਨਲ ਹਾਈਵੇ ਉੱਪਰ ਮੌਜੂਦ ਥਾਣਾ ਸਰਹਾਲੀ ‘ਤੇ RPG ਅਟੈਕ ਹੋਇਆ ਸੀ। ਐਤਵਾਰ ਸਵੇਰੇ ਥਾਣਾ ਸਰਹਾਲੀ ਵਿਖੇ ਐੱਨ. ਆਈ. ਏ. ਦੀ ਵਿਸ਼ੇਸ਼ ਟੀਮ ਵੱਲੋਂ ਦਸਤਕ ਦਿੱਤੀ ਗਈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜ਼ਿਲ੍ਹੇ ਵਿਚ ਮੌਜੂਦ ਗੈਂਗਸਟਰ ਲਖਬੀਰ ਸਿੰਘ ਲੰਡਾ ਨਿਵਾਸੀ ਹਰੀਕੇ ਪੱਤਣ ਸਮੇਤ ਕੁਝ ਹੋਰ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਵੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਐਤਵਾਰ ਸਵੇਰੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ, ਐੱਸ. ਪੀ. ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਪੱਟੀ ਸਤਨਾਮ ਸਿੰਘ ਸਮੇਤ ਹੋਰ ਅਧਿਕਾਰੀਆਂ ਵੱਲੋਂ ਵੀ ਮੌਕੇ ਦਾ ਦੌਰਾ ਕੀਤਾ ਗਿਆ।