ਡੇਰਾ ਪ੍ਰੇਮੀ ਪ੍ਰਦੀਪ ਕਤਲ ਮਾਮਲੇ ‘ਚ ਸ਼ਾਮਿਲ ਸ਼ੂਟਰ ਰਾਜ ਹੁੱਡਾ ਦਾ ਜੈਪੁਰ ‘ਚ ਐਨਕਾਊਂਟਰ ਕਰ ਦਿੱਤਾ ਗਿਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ AGTF ਨੇ ਸ਼ੂਟਰ ਰਾਜ ਹੁੱਡਾ ਦਾ ਐਨਕਾਊਂਟਰ ਕਰ ਦਿੱਤਾ ਹੈ। ਰਾਜ ਹੁੱਡਾ ਹਰਿਆਣਾ ਮੌਡਿਊਲ ਦਾ ਸ਼ੂਟਰ ਹੈ। ਰਾਜ ਹੁੱਡਾ ਹਰਿਆਣਾ ਮੌਡਿਊਲ ਦਾ ਛੇਵਾਂ ਸ਼ੂਟਰ ਹੈ ਅਤੇ ਇਸ ਤੋ ਪਹਿਲਾਂ ਪੁਲਿਸ ਪੰਜ ਸ਼ੂਟਰ ਗ੍ਰਿਫਤਾਰ ਕਰ ਚੁੱਕੀ ਹੈ।
ਇਸਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਉਸਨੂੰ ਕ੍ਰਾਸ ਫਾਈਰਿੰਗ ‘ਚ 2 ਗੋਲੀਆਂ ਲੱਗੀਆਂ ਹਨ। ਜੈਪੁਰ ਦੇ ਰਾਮਨਗਰ ‘ਚ ਮੁਕਾਬਲੇ ਦੌਰਾਨ ਰਾਜ ਹੁੱਡਾ ਦੇ ਲੱਤ ‘ਚ ਗੋਲੀ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਏਡੀਜੀਪੀ ਪ੍ਰਮੋਦ ਬਾਨ ਨੇ ਟਵੀਟ ਕੀਤਾ ਕਿ ਇੱਕ ਸਫਲ ਆਪ੍ਰੇਸ਼ਨ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਫਰੀਦਕੋਟ ਦੇ ਡੇਰਾ ਪ੍ਰੇਮੀ ਕਤਲ ਕਾਂਡ ਦੇ ਮੁੱਖ ਸ਼ੂਟਰ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਹੈ। ਰਾਜ ਹੁੱਡਾ ਨੂੰ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਏਜੀਟੀਐਫ ਦੇ ਅਧਿਕਾਰੀਆਂ ਦੇ ਕੰਮ ਦਾ ਸਮਰਥਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਜੈਤੋ ਵਾਸੀ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ ।ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਵਿੱਕੀ ਚੌਹਾਨ ਅਤੇ ਸਵਰਨ ਸਿੰਘ ਵਾਸੀ ਜੈਤੋ ਵਾਸੀ ਹੋਈ ਹੈ।
ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਹਾਂ ਨੇ ਵਾਰਦਾਤ ਤੋਂ ਪਹਿਲਾਂ ਹਮਲਾਵਰਾਂ ਦੇ ਠਹਿਰਨ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਸੀ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਇਹੀ ਵਾਰਦਾਤ ਤੋਂ ਬਾਅਦ ਹਮਲਾਵਰਾਂ ਨੂੰ ਆਪਣੀ ਰੀਟੇਜ ਕਾਰ ਰਾਹੀਂ ਬਾਜਾਖਾਨਾ ਤੋਂ ਚੰਡੀਗੜ੍ਹ ਛੱਡ ਕੇ ਆਏ ਸਨ।
ਪੁਲਿਸ ਦਾ ਦਾਅਵਾ ਹੈ ਕਿ ਰੀਟੇਜ ਕਾਰ ਵੀ ਬ੍ਰਾਮਦ ਕਰ ਲਈ ਹੈ ਜੋ ਸਵਰਨ ਸਿੰਘ ਦੀ ਹੈ। ਪੁਲਿਸ ਨੇ ਹੁਸ਼ਿਆਰਪੁਰ ਤੋਂ ਫੜ੍ਹੇ ਗਏ ਦੋਹਾਂ ਸ਼ੂਟਰਾਂ ਤੋਂ ਵਾਰਦਾਤ ਵਿਚ ਵਰਤੇ ਗਏ 2 ਪਿਸਟਲ ਅਤੇ 7 ਕਾਰਤੂਸ ਵੀ ਬ੍ਰਾਮਦ ਕਰ ਲਏ ਹਨ।
ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਮਨਪ੍ਰੀਤ ਮਨੀ ਦੇ ਰਿਸ਼ਤੇਦਾਰ ਭੋਲਾ ਸਿੰਘ ਜੋ ਫਰੀਦਕੋਟ ਜੇਲ੍ਹ ਵਿਚ ਬੰਦ ਹੈ ਨੂੰ ਵੀ ਨਾਮਜ਼ਦ ਕੀਤਾ ਹੈ, ਪੁਲਿਸ ਦਾ ਕਹਿਣਾ ਕਿ ਵਾਰਦਾਤ ਤੋਂ ਪਹਿਲਾਂ ਗੋਲਡੀ ਬਰਾੜ ਨੇ ਭੋਲਾ ਸਿੰਘ ਨਾਲ ਵੀ ਸੰਪਰਕ ਕੀਤਾ ਸੀ।