ਭਾਰਤ ਦੇ ਮੋਸਟ ਵਾਂਟੇਡ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਾਊਦ ਨੂੰ ਕਰਾਚੀ ‘ਚ ਜ਼ਹਿਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਕਰਾਚੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਦਰਅਸਲ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਦਾਊਦ ਇਬਰਾਹਿਮ ਨੂੰ ਕਰਾਚੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਹੈ। ਇਸ ਦੇ ਨਾਲ ਹੀ ਦਾਊਦ ਦੇ ਗਿਰੋਹ ਦੇ ਇੱਕ ਸਾਬਕਾ ਮੈਂਬਰ ਨੇ ਦੱਸਿਆ ਕਿ ਦਾਊਦ ਗੰਭੀਰ ਬਿਮਾਰੀ ਕਾਰਨ ਕਰਾਚੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹੈ। ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਜਿੱਥੇ ਸਿਰਫ਼ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਜਾ ਸਕਦੇ ਹਨ।
ਇਹ ਵੀ ਪੜ੍ਹੋ : ਅੱਜ ਲੋਕ ਸਭਾ ‘ਚ ਦੂਰਸੰਚਾਰ ਬਿੱਲ 2023 ਕੀਤਾ ਜਾਵੇਗਾ ਪੇਸ਼!
ਇਕ ਟੀਵੀ ਨਿਊਜ਼ ਨੇ ਵੀ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਇਨ੍ਹਾਂ ਚਰਚਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 65 ਸਾਲਾ ਭਗੌੜਾ ਡਾਨ ਦਾਊਦ ਇਬਰਾਹਿਮ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਚਦੇ ਹੋਏ ਕਈ ਸਾਲਾਂ ਤੋਂ ਪਾਕਿਸਤਾਨ ਦੇ ਕਰਾਚੀ ‘ਚ ਰਹਿ ਰਿਹਾ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਹਸਪਤਾਲ ‘ਚ ਭਰਤੀ ਹੋਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਕਿਸੇ ਵੱਡੀ ਘਟਨਾ ਦਾ ਸ਼ੱਕ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਕੰਮ ਨਹੀਂ ਕਰ ਰਹੇ ਹਨ। ਯੂਟਿਊਬ, ਗੂਗਲ ਆਦਿ ਦੇ ਸਰਵਰ ਡਾਊਨ ਹਨ।
ਦੱਸ ਦੇਈਏ ਕਿ ਦਾਊਦ ਇਬਰਾਹਿਮ 1993 ਵਿੱਚ ਮੁੰਬਈ ਵਿੱਚ ਹੋਏ ਲੜੀਵਾਰ ਧਮਾਕਿਆਂ ਦਾ ਮਾਸਟਰਮਾਈਂਡ ਸੀ। ਧਮਾਕਿਆਂ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਭਾਰਤ ਛੱਡ ਕੇ ਦੁਬਈ ਭੱਜ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਵਿੱਚ ਆਪਣਾ ਅੱਡਾ ਬਣਾ ਲਿਆ। ਇਸ ਦੇ ਨਾਲ ਹੀ ਸਾਲ 2003 ‘ਚ ਉਸ ਨੂੰ ਗਲੋਬਲ ਅੱਤਵਾਦੀ ਐਲਾਨਿਆ ਗਿਆ ਸੀ।