ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲਾ 29 ਜਨਵਰੀ 2022 ਨੂੰ ਭਾਰਤ ਪਾਕਿਸਤਾਨ ਸੀਮਾ ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਉਪਰ ਪਾਕਿਸਤਾਨ ਦੀ ਤਰਫੋਂ ਹੋਈ ਫਾਇਰਿੰਗ ਦਾ ਹੈ। ਫਾਇਰਿੰਗ ਦੌਰਾਨ ਬੀਐਸਐਫ ਦਾ ਇੱਕ ਜਵਾਨ ਜ਼ਖਮੀ ਹੋਇਆ ਸੀ ਅਤੇ ਬਾਅਦ ਵਿੱਚ ਪੁਲਿਸ ਅਤੇ ਬੀ ਐਸ ਐਫ ਵਲੋਂ ਸਾਂਝੇ ਤੌਰ ਤੇ ਚਲਾਏ ਗਏ ਘਟਨਾ ਵਾਲੇ ਇਲਾਕੇ ਦੇ ਆਲੇ-ਦੁਆਲੇ ਦੇ ਤਲਾਸ਼ੀ ਅਭਿਆਨ ਦੌਰਾਨ 53 ਕਿਲੋ ਦੇ ਕਰੀਬ ਹੈਰੋਇਨ ਅਤੇ ਦੋ ਪਿਸਟਲ ਬਰਾਮਦ ਕੀਤੇ ਗਏ ਸਨ।
ਇਸ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੀਆ ਨੂੰ ਤੇ ਟਰਾਂਸਿਟ ਰਿਮਾਂਡ ਦੇ ਤਹਿਤ ਗੁਰਦਾਸਪੁਰ ਲਿਆ ਕੇ 21 ਜੁਲਾਈ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਨਯੋਗ ਅਦਾਲਤ ਵੱਲੋਂ ਉਸ ਨੂੰ 6 ਦਿਨ ਦੇ ਰਿਮਾਂਡ ਤੇ ਕਲਾਨੌਰ ਪੁਲਿਸ ਦੇ ਸਪੁਰਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਗੁਰਦਾਸਪੁਰ ਅਦਾਲਤ ਵਿੱਚ ਜੱਗੂ ਨੂੰ ਫਿਰ ਤੋਂ ਪੇਸ਼ ਕੀਤਾ ਗਿਆ ਜਿਥੇ ਕਲਾਨੌਰ ਪੁਲਿਸ ਵੱਲੋਂ ਮਾਣਯੋਗ ਅਦਾਲਤ ਨੂੰ ਬੇਨਤੀ ਕੀਤੀ ਗਈ ਕਿ ਜੱਗੂ ਪਾਸੋਂ ਅਜੇ ਹੋਰ ਵੀ ਕਾਫੀ ਤਫਤੀਸ਼ ਅਤੇ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਕਲਾਨੌਰ ਪੁਲਿਸ ਵੱਲੋਂ ਮਾਣਯੋਗ ਅਦਾਲਤ ਅੱਗੇ ਜੱਗੂ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਜੱਗੂ ਭਗਵਾਨਪੁਰੀਏ ਨੂੰ ਇਕ ਵਾਰ ਫਿਰ ਤੋਂ 4 ਦਿਨ ਦੇ ਪੁਲਸ ਰਿਮਾਂਡ ਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।