ਜਲੰਧਰ ‘ਚ ਨੌਜਵਾਨ ਨੇ ਟਰੇਨ ਅੱਗੇ ਆ ਕੇ ਜੀਵਨਲੀਲਾ ਕੀਤੀ ਸਮਾਪਤ

0
93

ਕਰਵਾਚੌਥ ਦੇ ਦਿਨ ਸਥਾਨਕ ਬਸ਼ੀਰਪੁਰਾ ਰੇਲਵੇ ਫਾਟਕ ਕੋਲ ਇਕ ਨੌਜਵਾਨ ਨੇ ਕਟਿਹਾਰ ਐਕਸਪ੍ਰੈੱਸ ਟਰੇਨ (15707) ਦੇ ਅੱਗੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਸ਼ਿਸ਼ ਬਜਾਜ (24) ਪੁੱਤਰ ਰਮਨ ਕੁਮਾਰ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ। ਸੂਚਨਾ ਮਿਲਣ ’ਤੇ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ, ਏ. ਐੱਸ. ਆਈ. ਹੀਰਾ ਸਿੰਘ, ਆਰ. ਪੀ. ਐੱਫ਼. ਦੇ ਏ. ਐੱਸ. ਆਈ. ਪਰਮਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਜੇਬ ਵਿਚੋਂ ਉਸ ਦੇ ਮੋਟਰਸਾਈਕਲ ਦੀ ਚਾਬੀ ਮਿਲੀ, ਜੋਕਿ ਰੇਲ ਲਾਈਨਾਂ ਦੇ ਕਿਨਾਰੇ ਹੀ ਖੜ੍ਹਾ ਸੀ। ਘਟਨਾ ਸਥਾਨ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਅਤੇ 2 ਹਿੱਸਿਆਂ ਵਿਚ ਹੋਈ ਆਪਣੇ ਜਵਾਨ ਬੇਟੇ ਦੀ ਲਾਸ਼ ਰੇਲਵੇ ਲਾਈਨਾਂ ’ਤੇ ਪਈ ਵੇਖ ਕੇ ਹੈਰਾਨ ਰਹਿ ਗਏ। ਔਰਤਾਂ ਵਿਰਲਾਪ ਕਰਨ ਲੱਗੀਆਂ।

ਪੁਲਸ ਨੇ ਟੁਕੜਿਆਂ ਵਿਚ ਹੋਈ ਲਾਸ਼ ਨੂੰ ਇਕੱਠਾ ਕਰਕੇ ਸਿਵਲ ਹਸਪਤਾਲ ਭੇਜਿਆ। ਮ੍ਰਿਤਕ ਦੇ ਪਿਤਾ ਰਮਨ ਕੁਮਾਰ ਨੇ ਕਿਹਾ ਕਿ ਕਸ਼ਿਸ਼ ਆਪਣੇ ਗੁਰੂ ਨਾਨਕਪੁਰਾ ਵਾਲੇ ਘਰ ਤੋਂ ਕਮਲ ਵਿਹਾਰ ਸਥਿਤ ਆਪਣੇ ਦੂਸਰੇ ਘਰ ਜਾਣ ਲਈ ਨਿਕਲਿਆ ਸੀ। ਲਗਭਗ ਅੱਧੇ ਘੰਟੇ ਬਾਅਦ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ।

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬੇਟੇ ਨੇ ਅਜਿਹਾ ਕਦਮ ਕਿਉਂ ਚੁੱਕਿਆ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਜੌਬ ਕਰਦਾ ਸੀ। ਉਸਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ। ਕਸ਼ਿਸ਼ ਦੀ ਇਕ ਛੋਟੀ ਭੈਣ ਵੀ ਹੈ। ਦੋਵੇਂ ਅਜੇ ਅਣਵਿਆਹੁਤਾ ਸਨ। ਪਿਤਾ ਰਮਨ ਪਲਾਸਟਿਕ ਦੇ ਲਿਫਾਫੇ ਸਪਲਾਈ ਕਰਨ ਦਾ ਕੰਮ ਕਰਦੇ ਹਨ।

ਉਥੇ ਹੀ ਦੂਜੇ ਪਾਸੇ ਨੌਜਵਾਨ ਦੇ ਖੁਦਕੁਸ਼ੀ ਕਰਨ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਸੀ ਕਿ ਮਾਮਲਾ ਕਿਸੇ ਲੜਕੀ ਨਾਲ ਵੀ ਜੁੜਿਆ ਹੋ ਸਕਦਾ ਹੈ। ਕਸ਼ਿਸ਼ ਦੇ ਮੋਬਾਇਲ ਦੀ ਡਿਟੇਲ ਕਢਵਾਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ। ਪੁਲਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here